ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਨਾਲ ਨਜਿੱਠਣ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ਲਈ ਇਸਤਾਂਬੁਲ ਵਿੱਚ ਦੂਜੇ ਗੇੜ ਦੀ ਗੱਲਬਾਤ ਕੀਤੀ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਹਿਸ਼ਤਵਾਦ ਬਾਰੇ ਉਸ ਦੀ ਮੁੱਖ ਚਿੰਤਾ ਦਾ ਹੱਲ ਕੱਢਣ ’ਚ ਇਹ ਗੱਲਬਾਤ ਅਸਫਲ ਰਹਿੰਦੀ ਹੈ ਤਾਂ ਜੰਗ ਹੋ ਸਕਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੋਵਾਂ ਮੁਲਕਾਂ ’ਚ ਹੋਈਆਂ ਝੜਪਾਂ ਕਾਰਨ ਦਰਜਨਾਂ ਫ਼ੌਜੀ, ਆਮ ਨਾਗਰਿਕ ਅਤੇ ਦਹਿਸ਼ਤਗਰਦ ਮਾਰੇ ਗਏ ਸਨ ਜਿਸ ਕਾਰਨ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਸੀ ਪਰ ਕਤਰ ਅਤੇ ਤੁਰਕੀ ਦੀ ਮਦਦ ਨਾਲ 19 ਅਕਤੂਬਰ ਨੂੰ ਦੋਹਾ (ਕਤਰ) ਵਿੱਚ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਮਗਰੋਂ ਅਸਥਾਈ ਤੌਰ ’ਤੇ ਸ਼ਾਂਤੀ ਬਹਾਲ ਹੋ ਗਈ ਸੀ।
ਦੋਹਾ ਵਿੱਚ ਬਣੀ ਸਹਿਮਤੀ ਮੁਤਾਬਕ ਪਾਕਿਸਤਾਨ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਤੁਰਕੀ ਦੇ ਇਸਤਾਂਬੁਲ ’ਚ ਹੋਈ। ‘ਰੇਡੀਓ ਪਾਕਿਸਤਾਨ’ ਨੇ ਦੱਸਿਆ ਕਿ ਚਰਚਾ ਮੁੱਖ ਤੌਰ ’ਤੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਰੋਕਣ ਤੇ ਕਾਰੋਬਾਰੀ ਰੁਕਾਵਟਾਂ ਦੂਰ ਕਰਨ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ’ਤੇ ਕੇਂਦਰਿਤ ਰਹੀ। ਦੋਵਾਂ ਪੱਖਾਂ ਨੇ ਰਾਜਸੀ ਪੱਧਰ ’ਤੇ ਸਮਝ ਬਣਾਉਣ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ। ‘ਜਿਊ ਨਿਊਜ਼’ ਮੁਤਾਬਕ ਪਾਕਿਸਤਾਨ ਨੇ ਦੋਵੇਂ ਧਿਰਾਂ ਦੀ ਦੂਜੇ ਗੇੜ ਦੀ ਗੱਲਬਾਤ ਦੌਰਾਨ ਅਫ਼ਗਾਨ ਤਾਲਿਬਾਨ ਨੂੰ ਦਹਿਸ਼ਤਵਾਦ ਵਿਰੋਧੀ ਯੋਜਨਾ ਸੌਂਪੀ।

