ਪਾਕਿ ਅਤਿਵਾਦੀਆਂ ਨੂੰ ਪਨਾਹ ਦੇਣ ਦੀ ਜਗ੍ਹਾ ਆਰਥਿਕਤਾ ਸੁਧਾਰੇ: ਭਾਰਤ
ਜਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲ ਸ਼ਿਤਿਜ ਤਿਆਗੀ ਦੀ ਗੁਆਂਢੀ ਦੇਸ਼ ਨੂੰ ਨਸੀਹਤ; ਪਾਕਿਸਤਾਨੀ ਵਫ਼ਦ ’ਤੇ ਯੂ ਅੈੱਨ ਅੈੱਚ ਆਰ ਸੀ ਦੇ ਮੰਚ ਦੀ ਦੁਰਵਰਤੋਂ ਕਰਨ ਦਾ ਲਾਇਆ ਦੋਸ਼
ਭਾਰਤ ਨੇ ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਸੂਬੇ ਵਿੱਚ 30 ਵਿਅਕਤੀਆਂ ਦੀ ਮੌਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਨੂੰ ਅਤਿਵਾਦੀਆਂ ਨੂੰ ਪਨਾਹ ਦੇਣ ਅਤੇ ਆਪਣੇ ਹੀ ਲੋਕਾਂ ’ਤੇ ਬੰਬ ਸੁੱਟਣ ਦੀ ਬਜਾਏ ਆਪਣੀ ਆਰਥਿਕਤਾ ਮਜ਼ਬੂਤ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਰਿਕਾਰਡ ਸੁਧਾਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਜਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਸ਼ਿਤਿਜ ਤਿਆਗੀ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਖ਼ਿਲਾਫ਼ ਬੇਬੁਨਿਆਦ ਬਿਆਨਬਾਜ਼ੀ ਕਰਨ ਲਈ ਪਾਕਿਸਤਾਨੀ ਵਫ਼ਦ ਦੀ ਸਖ਼ਤ ਆਲੋਚਨਾ ਕੀਤੀ।
ਤਿਆਗੀ ਨੇ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂ ਐੱਨ ਐੱਚ ਆਰ ਸੀ) ਦੇ 60ਵੇਂ ਨਿਯਮਤ ਸੈਸ਼ਨ ਵਿੱਚ ਮੰਗਲਵਾਰ ਨੂੰ ਕਿਹਾ, ‘ਇੱਕ ਵਫ਼ਦ ਭਾਰਤ ਖ਼ਿਲਾਫ਼ ਬੇਬੁਨਿਆਦ ਅਤੇ ਭੜਕਾਊ ਬਿਆਨਬਾਜ਼ੀ ਕਰਕੇ ਇਸ ਮੰਚ ਦੀ ਦੁਰਵਰਤੋਂ ਕਰ ਰਿਹਾ ਹੈ।’ ਖੈ਼ਬਰ ਪਖ਼ਤੂਨਖਵਾ ਦੀ ਘਟਨਾ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਤਿਆਗੀ ਨੇ ਕਿਹਾ ਕਿ ਜੇ ਪਾਕਿਸਤਾਨ ਨੂੰ ਅਤਿਵਾਦੀਆਂ ਨੂੰ ਪਨਾਹ ਦੇਣ ਅਤੇ ਆਪਣੇ ਹੀ ਲੋਕਾਂ ’ਤੇ ਬੰਬਾਰੀ ਕਰਨ ਤੋਂ ਫੁਰਸਤ ਮਿਲੇ ਤਾਂ ਉਸ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਸੁਧਾਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਤਿਆਗੀ ਨੇ ਕਿਹਾ, ‘ਲੜਖੜਾਉਂਦੀ ਆਰਥਿਕਤਾ, ਫੌਜ ਦੇ ਦਬਦਬੇ ਵਾਲੀ ਰਾਜਨੀਤੀ ਅਤੇ ਮਨੁੱਖੀ ਅਧਿਕਾਰਾਂ ਦਾ ਦਾਗ਼ੀ ਰਿਕਾਰਡ। ਜਿਸ ਦਿਨ ਉਨ੍ਹਾਂ ਨੂੰ ਅਤਿਵਾਦ ਨੂੰ ਹੱਲਾਸ਼ੇਰੀ ਦੇਣ, ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅਤਿਵਾਦੀਆਂ ਨੂੰ ਪਨਾਹ ਦੇਣ ਅਤੇ ਆਪਣੇ ਹੀ ਲੋਕਾਂ ’ਤੇ ਬੰਬਾਰੀ ਕਰਨ ਤੋਂ ਫੁਰਸਤ ਮਿਲੇਗੀ, ਸ਼ਾਇਦ ਉਸ ਦਿਨ ਉਹ ਇਨ੍ਹਾਂ ਮੁੱਦਿਆਂ ’ਤੇ ਧਿਆਨ ਦੇ ਸਕਣਗੇ।’
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਖੈ਼ਬਰ ਜ਼ਿਲ੍ਹੇ ਦੀ ਤਿਰਾਹ ਘਾਟੀ ਦੇ ਮਤੂਰ ਦਾਰਾ ਇਲਾਕੇ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਅਤਿਵਾਦੀਆਂ ਦੇ ਟਿਕਾਣੇ ’ਤੇ ਧਮਾਕਾ ਹੋਣ ਕਾਰਨ ਅਤਿਵਾਦੀ ਮਾਰੇ ਗਏ ਸਨ। ਹਾਲਾਂਕਿ ਇਮਰਾਨ ਖਾਨ ਦੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਤਿਰਾਹ ਘਾਟੀ ਵਿੱਚ ਇਹ ਧਮਾਕਾ ‘ਹਵਾਈ ਹਮਲੇ’ ਕਾਰਨ ਹੋਇਆ ਹੈ।
ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ਤੋਂ ਕਬਜ਼ਾ ਛੱਡਣ ਲਈ ਕਿਹਾ
ਜਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਸ਼ਿਤਿਜ ਤਿਆਗੀ ਨੇ ਮਕਬੂਜ਼ਾ ਕਸ਼ਮੀਰ (ਪੀ ਓ ਕੇ) ਦਾ ਜ਼ਿਕਰ ਕਰਦਿਆਂ ਪਾਕਿਸਤਾਨ ਨੂੰ ‘ਉਸ ਦੇ ਨਾਜਾਇਜ਼ ਕਬਜ਼ੇ’ ਵਾਲੇ ਭਾਰਤੀ ਖੇਤਰ ਨੂੰ ਖਾਲੀ ਕਰਨ ਲਈ ਕਿਹਾ। ਉਨ੍ਹਾਂ ਕਿਹਾ, ‘ਸਾਡੇ ਖੇਤਰ ’ਤੇ ਮਾੜੀ ਨਜ਼ਰ ਰੱਖਣ ਦੀ ਬਜਾਏ ਉਨ੍ਹਾਂ ਨੂੰ ਭਾਰਤ ਦੇ ਉਸ ਖੇਤਰ ਨੂੰ ਖਾਲੀ ਕਰਨਾ ਚਾਹੀਦਾ ਹੈ, ਜਿਸ ’ਤੇ ਉਨ੍ਹਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।’