ਪਾਕਿਸਤਾਨ: ਹੜ੍ਹਾਂ ਕਾਰਨ ਪੰਜਾਬ ਵਿੱਚ ਪੰਜ ਹਿੱਸਿਆਂ ’ਚ ਰੇਲ ਆਵਾਜਾਈ ਮੁਅੱਤਲ
ਪਾਕਿਸਤਾਨ ਪੰਜਾਬ ’ਚ ਰੇਲ ਵਿਭਾਗ ਵੱਲੋਂ ਪੰਜ ਹਿੱਸਿਆਂ ਵਿੱਚ ਰੇਲ ਗੱਡੀਆਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਸੂਬੇ ਵਿੱਚ ਹੜ੍ਹਾਂ ਅਤੇ ਮੀਂਹ ਕਰਕੇ ਰੇਲਵੇ ਟਰੈਕਾਂ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਨਾਰੋਵਾਲ-ਸਿਆਲਕੋਟ ਸੈਕਸ਼ਨ 27 ਅਗਸਤ ਤੋਂ ਬੰਦ ਹੈ। ਇਸ ਦੇ ਟਰੈਕ ਦਾ ਇਕ ਹਿੱਸਾ ਹੜ੍ਹ ਦੇ ਪਾਣੀ ਨਾਲ ਨੁਕਸਾਨਿਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਕ ਨੱਲਾਹ ( AIK NULLAH) ਨੇੜੇ ਪੁਲ ਨੰਬਰ 7 ਵੀ ਖਿਸਕ ਗਿਆ ਸੀ, ਜਿਸ ਕਾਰਨ ਹੜ੍ਹ ਦਾ ਪਾਣੀ ਟਰੈਕ ਉੱਪਰ ਵਹਿ ਰਿਹਾ ਹੈ। ਇਸ ਦੀ ਮੁਰੰਮਤ ਜਾਰੀ ਹੈ ਅਤੇ 12 ਸਤੰਬਰ ਤੱਕ ਕੰਮ ਮੁਕੰਮਲ ਹੋਣ ਦੀ ਉਮੀਦ ਹੈ।
ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਕਿ ਚੱਕ ਝੁਮਰਾ-ਸ਼ਾਹੀਨਾਬਾਦ (ਸਰਗੋਧਾ) ਸੈਕਸ਼ਨ 29 ਅਗਸਤ ਨੂੰ ਰੇਲ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ ਜਦੋਂ ਹੜ੍ਹ ਨੇ ਚਿਨੀਓਟ ਨੇੜੇ ਪੁਲ ਨੰਬਰ 132 ਅਤੇ 134 ਨੂੰ ਨੁਕਸਾਨ ਪਹੁੰਚਾਇਆ। ਪੁਲ ਦੀ ਮੁਰੰਮਤ ਜਾਂ ਪੁਨਰਨਿਰਮਾਣ ਲਈ ਯਤਨ ਜਾਰੀ ਹਨ ਤਾਂ ਜੋ ਰੇਲ ਗੱਡੀਆਂ ਦਾ ਸੰਚਾਲਨ ਬਹਾਲ ਕੀਤਾ ਜਾ ਸਕੇ।
ਇਸੇ ਤਰ੍ਹਾਂ ਵਜ਼ੀਰਾਬਾਦ-ਸਿਆਲਕੋਟ ਸੈਕਸ਼ਨ 3 ਸਤੰਬਰ ਨੂੰ ਬੰਦ ਕਰ ਦਿੱਤਾ ਗਿਆ ਸੀ। ਜੰਗ-ਸ਼ਾਹੀਨਾਬਾਦ ਸੈਕਸ਼ਨ ਵੀ 28 ਅਗਸਤ ਤੋਂ ਬੰਦ ਹੈ ਜਦੋਂ ਹੜ੍ਹ ਨੇ ਚਨਾਬ ਨਦੀ ਉੱਤੇ ਰਿਵਾਜ਼ ਰੇਲਵੇ ਪੁਲ ਨੇੜੇ ਇੱਕ ਖੇਤਰ ਨੂੰ ਨੁਕਸਾਨ ਪਹੁੰਚਾਇਆ ਸੀ। ਹੜ੍ਹ ਦਾ ਪਾਣੀ ਅਜੇ ਵੀ ਟੁੱਟੇ ਹੋਏ ਹਿੱਸੇ ਵਿੱਚੋਂ ਲੰਘ ਰਿਹਾ ਹੈ, ਜਿਸ ਕਾਰਨ ਰੇਲ ਆਵਾਜਾਈ ਮੁਅੱਤਲ ਹੈ।
ਹੜ੍ਹਾਂ ਕਰਕੇ ਪੰਜਾਬ ਦਾ ਵੱਡਾ ਹਿਸਾ ਪ੍ਰਭਾਵਿਤ ਹੋ ਰਿਹਾ ਹੈ, ਬਿਜਲੀ ਸਪਲਾਈ ਠੱਪ ਹੈ। ਸਿਆਲਕੋਟ ਦੇ ਇੱਕ ਅਧਿਕਾਰੀ ਨੇ ਦੱਸਿਆ, “ਸਿਆਲਕੋਟ ਦੇ ਖੇਤਰ ਬਜਵਾਤ ਵਿੱਚ 85 ਪਿੰਡਾਂ ਦੇ ਵਸਨੀਕ 26 ਅਗਸਤ ਤੋਂ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ।”