ਪਾਕਿਸਤਾਨ: ਹਮਲਾਵਰਾਂ ਵੱਲੋਂ ਨੌਂ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ/ਕਰਾਚੀ, 11 ਜੁਲਾਈ
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਬਲੋਚ ਅਤਿਵਾਦੀਆਂ ਨੇ ਸ਼ੁੱਕਰਵਾਰ ਨੂੰ ਇੱਕ ਬੱਸ ਵਿੱਚੋਂ ਉਤਾਰ ਕੇ ਪੰਜਾਬ ਦੇ ਨੌਂ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਸੂਬੇ ਦੇ ਝੋਬ ਇਲਾਕੇ ਦੇ ਸਹਾਇਕ ਕਮਿਸ਼ਨਰ ਨਵੀਦ ਆਲਮ ਨੇ ਦੱਸਿਆ ਕਿ ਇਹ ਘਟਨਾ ਝੋਬ ਇਲਾਕੇ ਵਿੱਚ ਕੌਮੀ ਰਾਜਮਾਰਗ ’ਤੇ ਵੀਰਵਾਰ ਰਾਤ ਨੂੰ ਵਾਪਰੀ ਹੈ।
ਹਥਿਆਰਬੰਦ ਅਤਿਵਾਦੀਆਂ ਨੇ ਪੰਜਾਬ ਜਾਣ ਵਾਲੀਆਂ ਦੋ ਬੱਸਾਂ ਨੂੰ ਰੋਕਿਆ ਅਤੇ ਉਨ੍ਹਾ ਨੇ ਪਹਿਲਾਂ ਯਾਤਰੀਆਂ ਦੇ ਪਛਾਣ ਪੱਤਰ ਦੇਖੇ ਅਤੇ ਨੌਂ ਵਿਅਕਤੀਆਂ ਨੂੰ ਬੱਸ ਤੋਂ ਉਤਾਰ ਕੇ ਗੋਲੀ ਮਾਰ ਕੇ ਦਿੱਤੀ। ਆਲਮ ਨੇ ਦੱਸਿਆ ਮ੍ਰਿਤਕ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸਨ।
ਪਾਬੰਦੀਸ਼ੁਦਾ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਫਰੰਟ (ਬੀ.ਐੱਲ.ਐੱਫ.) ਨੇ ਇਸ ਹੱਤਿਆਕਾਂਡ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਐੱਫ ਪਾਕਿਸਤਾਨ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਦਾ ਹੈ। ਆਲਮ ਨੇ ਕਿਹਾ, ‘‘ਅਸੀਂ ਸਾਰੀਆਂ ਨੌਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।’’
ਨੌਂ ਯਾਤਰੀਆਂ ਦੀ ਹੱਤਿਆ ਦੀ ਨਿੰਦਾ ਕਰਦਿਆਂ ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਕਿਹਾ ਕਿ ਪਛਾਣ ਦੇ ਆਧਾਰ ’ਤੇ ਬੇਕਸੂਰ ਲੋਕਾਂ ਦੀ ਹੱਤਿਆ ਕਰਨਾ ਮੁਆਫੀਯੋਗ ਅਪਰਾਧ ਹੈ। -ਪੀਟੀਆਈ