ਪਾਕਿਸਤਾਨ ਅਤੇ ਸਾਊਦੀ ਅਰਬ ਨੇ ‘ਰਣਨੀਤਕ ਦੁਵੱਲੇ ਰੱਖਿਆ’ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ ਜਿਸ ਮੁਤਾਬਕ ਦੋਵੇਂ ਮੁਲਕਾਂ ’ਚੋਂ ਕਿਸੇ ਇਕ ’ਤੇ ਹਮਲੇ ਨੂੰ ਦੋਹਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ। ਇਸ ਸਮਝੌਤੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਬੁੱਧਵਾਰ ਨੂੰ ਦਸਤਖ਼ਤ ਕੀਤੇ। ਇਹ ਸਮਝੌਤਾ ਕਤਰ ’ਚ ਹਮਾਸ ਆਗੂਆਂ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਦੇ ਕੁਝ ਦਿਨ ਬਾਅਦ ਹੋਇਆ ਹੈ।ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਦੋਵੇਂ ਮੁਲਕਾਂ ਵਿਚਾਲੇ ਰੱਖਿਆ ਸਹਿਯੋਗ ਦੇ ਪੱਖਾਂ ਨੂੰ ਵਿਕਸਤ ਕਰਨ ਅਤੇ ਕਿਸੇ ਵੀ ਹਮਲੇ ਖ਼ਿਲਾਫ਼ ਸਾਂਝੀ ਵਿਰੋਧੀ ਕਾਰਵਾਈ ਦੀ ਮਜ਼ਬੂਤੀ ਵੱਲ ਸੇਧਿਤ ਹੈ। ਇਹ ਸਮਝੌਤਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਦੇ ਫ਼ੌਜੀ ਸੰਘਰਸ਼ ਦੇ ਚਾਰ ਮਹੀਨਿਆਂ ਮਗਰੋਂ ਹੋਇਆ ਹੈ। ਸਾਂਝੇ ਬਿਆਨ ਮੁਤਾਬਕ ਇਹ ਸਮਝੌਤਾ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਾਲੇ ਕਰੀਬ ਅੱਠ ਦਹਾਕਿਆਂ ਤੋਂ ਚਲੀ ਆ ਰਹੀ ਇਤਿਹਾਸਕ ਭਾਈਵਾਲੀ ’ਤੇ ਅਧਾਰਿਤ ਹੈ ਅਤੇ ਇਹ ਭਾਈਚਾਰੇ ਤੇ ਇਸਲਾਮੀ ਇਕਜੁੱਟਤਾ ਨਾਲ ਬੱਝਿਆ ਹੋਇਆ ਹੈ। ਦੋਵੇਂ ਮੁਲਕਾਂ ਨੇ ਇਤਿਹਾਸਕ ਅਤੇ ਰਣਨੀਤਕ ਸਬੰਧਾਂ ਤੇ ਸਾਂਝੇ ਹਿੱਤਾਂ ਦੇ ਕਈ ਵਿਸ਼ਿਆਂ ਦੀ ਵੀ ਨਜ਼ਰਸਾਨੀ ਕੀਤੀ।ਸਮਝੌਤੇ ਦੇ ਅਸਰ ਦਾ ਅਧਿਐਨ ਕਰਾਂਗੇ: ਭਾਰਤਨਵੀਂ ਦਿੱਲੀ: ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਰਣਨੀਤਕ ਰੱਖਿਆ ਸਮਝੌਤੇ ’ਤੇ ਦਸਤਖ਼ਤ ਮਗਰੋਂ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੀ ਕੌਮੀ ਸੁਰੱਖਿਆ ਦੇ ਨਾਲ ਨਾਲ ਖੇਤਰੀ ਅਤੇ ਆਲਮੀ ਸਥਿਰਤਾ ’ਤੇ ਇਸ ਸਮਝੌਤੇ ਦੇ ਅਸਰ ਦਾ ਅਧਿਐਨ ਕਰੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਸ ਮਾਮਲੇ ’ਤੇ ਸੋਚ-ਸਮਝ ਕੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਰਤ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਅਤੇ ਸਾਰੇ ਖੇਤਰਾਂ ’ਚ ਵਿਆਪਕ ਕੌਮੀ ਸੁਰੱਖਿਆ ਲਈ ਵਚਨਬੱਧ ਹੈ। ਜੈਸਵਾਲ ਨੇ ਕਿਹਾ ਕਿ ਉਨ੍ਹਾਂ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਾਲੇ ਰਣਨੀਤਕ ਆਪਸੀ ਰੱਖਿਆ ਸਮਝੌਤੇ ’ਤੇ ਦਸਤਖ਼ਤ ਦੀਆਂ ਰਿਪੋਰਟਾਂ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਦੋਵੇਂ ਮੁਲਕਾਂ ਵਿਚਾਲੇ ਲੰਬੇ ਸਮੇਂ ਤੋਂ ਚਲੇ ਆ ਰਹੇ ਇਸ ਪ੍ਰਬੰਧ ਨੂੰ ਰਸਮੀ ਸਮਝੌਤੇ ਦਾ ਰੂਪ ਦਿੱਤਾ ਜਾ ਰਿਹਾ ਹੈ। ਸਮਝੌਤਾ ਪ੍ਰਧਾਨ ਮੰਤਰੀ ਦੀ ਕੂਟਨੀਤਕ ਨਾਕਾਮੀ: ਕਾਂਗਰਸਨਵੀਂ ਦਿੱਲੀ: ਕਾਂਗਰਸ ਨੇ ਸਾਊਦੀ ਅਰਬ ਵੱਲੋਂ ਪਾਕਿਸਤਾਨ ਨਾਲ ਰਣਨੀਤਕ ਆਪਸੀ ਰੱਖਿਆ ਸਮਝੌਤੇ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਦੀ ਕੌਮੀ ਸੁਰੱਖਿਆ ’ਤੇ ਗੰਭੀਰ ਅਸਰ ਪਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਲਈ ਵੱਡਾ ਝਟਕਾ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਨੂੰ ਅਚਾਨਕ ਰੋਕਣ ਦੇ ਮਹੀਨੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵ੍ਹਾਈਟ ਹਾਊਸ ’ਚ ਦੁਪਹਿਰ ਦਾ ਖਾਣਾ ਖੁਆਇਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਚੀਨ ਦੌਰੇ ਤੋਂ ਕੁਝ ਦਿਨ ਬਾਅਦ ਹੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਖ਼ੁਫ਼ੀਆ ਫ਼ੌਜੀ ਕੰਪਲੈਕਸ ਦੇ ਦਰ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਲਈ ਖੋਲ੍ਹ ਦਿੱਤੇ ਸਨ ਅਤੇ ਹੁਣ ਸਾਊਦੀ ਅਰਬ, ਜਿਥੇ ਪ੍ਰਧਾਨ ਮੰਤਰੀ ਪਹਿਲਗਾਮ ਹਮਲੇ ਸਮੇਂ ਮੌਜੂਦ ਸਨ, ਨੇ ਪਾਕਿਸਤਾਨ ਨਾਲ ਰਣਨੀਤਕ ਦੁਵੱਲਾ ਰੱਖਿਆ ਸਮਝੌਤਾ ਕੀਤਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਪ੍ਰਧਾਨ ਮੰਤਰੀ ਦੀ ਕੂਟਨੀਤੀ ਦੀ ਨਾਕਾਮੀ ਹੈ।