ਪਾਕਿਸਤਾਨ: ਭਾਰੀ ਮੀਂਹ ਤੇ ਹੜ੍ਹਾਂ ਕਾਰਨ 72 ਮੌਤਾਂ
ਇਸਲਾਮਾਬਾਦ: ਪਾਕਿਸਤਾਨ ’ਚ ਦਸ ਦਿਨਾਂ ਤੱਕ ਪਏ ਭਾਰੀ ਮੀਂਹ ਤੇ ਹੜ੍ਹਾਂ ਨਾਲ ਸਬੰਧਤ ਘਟਨਾਵਾਂ ’ਚ ਘੱਟ ਤੋਂ ਘੱਟ 72 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਤੇ ਸਥਾਨਕ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਮੌਤਾਂ 26 ਜੂਨ ਤੋਂ ਹੁਣ ਤੱਕ ਮੁੱਖ ਤੌਰ ’ਤੇ ਪਾਕਿਸਤਾਨ ਦੇ ਉੱਤਰ-ਪੱਛਮੀ ਖੈ਼ਬਰ ਪਖ਼ਤੂਨਖਵਾ, ਪੂਰਬੀ ਪੰਜਾਬ, ਦੱਖਣੀ ਸਿੰਧ ਤੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ’ਚ ਹੋਈਆਂ ਹਨ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਸਥਾਨਕ ਅਧਿਕਾਰੀਆਂ ਨੇ ਚੌਕਸੀ ਵਰਤਣ ਲਈ ਕਿਹਾ ਹੈ ਅਤੇ ਸੈਲਾਨੀਆਂ ਨੂੰ ਪ੍ਰਭਾਵਿਤ ਖੇਤਰਾਂ ’ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਕਿਉਂਕਿ ਵੱਧ ਮੀਂਹਾਂ ਕਾਰਨ ਰਾਜਮਾਰਗ ਬੰਦ ਹੋ ਸਕਦੇ ਹਨ ਅਤੇ ਅਚਾਨਕ ਹੜ੍ਹ ਆ ਸਕਦੇ ਹਨ। ਉੱਤਰ-ਪੱਛਮ ’ਚ ਸਵਾਤ ਦਰਿਆ ’ਚ ਪਰਿਵਾਰ ਦੇ 17 ਮੈਂਬਰਾਂ ਦੇ ਰੁੜ੍ਹਨ ਤੋਂ ਬਾਅਦ ਪਿਛਲੇ ਮਹੀਨੇ ਤੋਂ ਐਮਰਜੈਂਸੀ ਸੇਵਾਵਾਂ ਵਧੇਰੇ ਅਲਰਟ ਹਨ। ਚਾਰ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਅਤੇ 13 ਹੋਰਾਂ ਦੀਆਂ ਲਾਸ਼ਾਂ ਬਾਅਦ ਵਿੱਚ ਬਰਾਮਦ ਕੀਤੀਆਂ ਗਈਆਂ ਹਨ। -ਪੀਟੀਆਈ