ਪਾਕਿਸਤਾਨ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 15 ਦਹਿਸ਼ਤਗਰਦ ਹਲਾਕ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ ਵਿੱਚ ਘੱਟੋ-ਘੱਟ 15 ਦਹਿਸ਼ਤਗਰਦ ਮਾਰੇ ਗਏ, ਜਦਕਿ ਚਾਰ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ।
ਸੁਰੱਖਿਆ ਬਲਾਂ ਅਨੁਸਾਰ ਵੀਰਵਾਰ ਨੂੰ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜ਼ਾਰਿਸਤਾਨ ਜ਼ਿਲ੍ਹੇ ਦੇ ਆਜ਼ਮ ਵਾਰਸਕ ਖੇਤਰ ਦੇ ਕਰਮਜ਼ੀ ਸਟਾਪ ’ਤੇ ਮੁਕਾਬਲਾ ਹੋਇਆ।
ਸੂਤਰਾਂ ਮੁਤਾਬਕ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਖ਼ਾਲੀ ਕਰਨ ਦੀ ਮੁਹਿੰਮ ਆਰੰਭੀ ਅਤੇ ਇੱਕ ਦਹਿਸ਼ਤਗਰਦ ਕੰਪਲੈਕਸ ਮਰਕਜ਼ ’ਤੇ ਕਬਜ਼ਾ ਕਰ ਲਿਆ ਅਤੇ ਉੱਥੇ ਕੌਮੀ ਝੰਡਾ ਲਹਿਰਾਇਆ।
ਸੂਤਰਾਂ ਨੇ ਦੱਸਿਆ ਕਿ ਮਾਰੇ ਗਏ 15 ਦਹਿਸ਼ਤਗਰਦਾਂ ਵਿੱਚੋਂ ਕਈ ਅਜਿਹੇ ਸਨ, ਜਿਨ੍ਹਾਂ ਨੇੜਲੀ ਮਸਜਿਦ ’ਚ ਸ਼ਰਨ ਲਈ ਸੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਚਾਰ ਸੁਰੱਖਿਆ ਕਰਮੀਆਂ ਸਣੇ ਨੌਂ ਜਣੇ ਜ਼ਖ਼ਮੀ ਹੋ ਗਏ। ਦੋ ਨਵੀਆਂ ਚੌਕੀਆਂ ਵੀ ਸਥਾਪਤ ਕੀਤੀਆਂ ਗਈਆਂ।
ਸੂਬੇ ਦੇ ਬਾਨੂ ਜ਼ਿਲ੍ਹੇ ਵਿੱਚ ਇੱਕ ਵੱਖਰੀ ਘਟਨਾ ’ਚ ਹਥਿਆਰਬੰਦ ਹਮਲਾਵਰਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਫ਼ੌਜ ਦੇ ਇੱਕ ਸੇਵਾਮੁਕਤ ਸੂਬੇਦਾਰ ਦੀ ਹੱਤਿਆ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੀ ਪਛਾਣ ਅਤਾਉੱਲਾ ਵਜੋਂ ਹੋਈ ਹੈ ਅਤੇ ਉਸ ’ਤੇ ਮਲਾਗਨ ਦੇ ਨੋਰਾਰ ਇਲਾਕੇ ’ਚ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ ਤਿੰਨ ਨਮਾਜ਼ੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।