ਆਸਟਰੇਲੀਆ ’ਚ ਔਕਸ ਸੁਰੱਖਿਆ ਸਮਝੌਤੇ ਖ਼ਿਲਾਫ਼ ਰੋਹ
ਪੈਂਟਾਗਨ ਵੱਲੋਂ ਪਰਮਾਣੂ ਪਣਡੁੱਬੀਆਂ ਦੇਣ ਦੀ ਪੁਸ਼ਟੀ; ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ
ਆਸਟਰੇਲੀਆ ਵਿੱਚ ਔਕਸ ਸੁਰੱਖਿਆ ਸਮਝੌਤੇ ਸਬੰਧੀ ਤਿੱਖੀ ਬਹਿਸ ਛਿੜ ਗਈ ਹੈ। ਪੈਂਟਾਗਨ ਨੇ ਤਾਜ਼ਾ ਬਿਆਨ ਵਿੱਚ ਆਸਟਰੇਲੀਆ ਨੂੰ ਪਰਮਾਣੂ ਤਾਕਤ ਵਾਲੀਆਂ ਪਣਡੁੱਬੀਆਂ ਦੇਣ ਦੀ ਪੁਸ਼ਟੀ ਕੀਤੀ ਹੈ। ਇਸ ਕਾਰਨ ਦੇਸ਼ ਵਿੱਚ ਪਰਮਾਣੂ ਹਥਿਆਰਾਂ ਦੇ ਆਉਣ ਦਾ ਡਰ ਵਧ ਗਿਆ ਹੈ। ਲੇਬਰ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਇਸ ਸਮਝੌਤੇ ਨੂੰ ‘ਆਸਟਰੇਲੀਆ ਦੀ ਸਦੀਵੀ ਗ਼ੁਲਾਮੀ’ ਕਰਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਹ ਸਮਝੌਤਾ 1985 ਦੀ ਰਾਰੋਟੋਂਗਾ ਸੰਧੀ (ਦੱਖਣੀ ਪੈਸਿਫਿਕ ਨੂੰ ਪਰਮਾਣੂ ਮੁਕਤ ਖੇਤਰ ਐਲਾਨਣ ਵਾਲੀ ਸੰਧੀ) ਦੀ ਸਿੱਧੀ ਉਲੰਘਣਾ ਹੈ। ਇਸੇ ਦੌਰਾਨ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਵਿੱਚ ਵਿਰੋਧ ਪ੍ਰਦਰਸ਼ਨ ਹੋਏ, ਜਿੱਥੇ ਲੋਕਾਂ ਨੇ ਔਕਸ ਅਤੇ ਪਰਮਾਣੂ ਜੰਗ ਵਿਰੋਧੀ ਨਾਅਰੇ ਲਾਏ।
ਆਸਟਰੇਲਿਆਈ ਸਰਕਾਰ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਪਣਡੁੱਬੀਆਂ ਵਿੱਚ ਪਰਮਾਣੂ ਰਿਐਕਟਰ ਹੋਣਗੇ ਪਰ ਪਰਮਾਣੂ ਹਥਿਆਰ ਨਹੀਂ ਰੱਖੇ ਜਾਣਗੇ। ਦੂਜੇ ਪਾਸੇ, ਵਿਰੋਧੀ ਧਿਰ ਅਤੇ ਸ਼ਾਂਤੀ ਸੰਗਠਨਾਂ ਦਾ ਮੰਨਣਾ ਹੈ ਕਿ ਅਮਰੀਕੀ ਅਤੇ ਬਰਤਾਨਵੀ ਪਣਡੁੱਬੀਆਂ ਜਦੋਂ ਆਸਟਰੇਲਿਆਈ ਬੰਦਰਗਾਹਾਂ ’ਤੇ ਰੁਕਣਗੀਆਂ ਤਾਂ ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਹੋ ਸਕਦੇ ਹਨ, ਜੋ ਕਿ ਸੰਧੀ ਦੀ ਉਲੰਘਣਾ ਹੋਵੇਗੀ। ‘ਪਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਕੌਮਾਂਤਰੀ ਮੁਹਿੰਮ’ ਨੇ ਚਿਤਾਵਨੀ ਦਿੱਤੀ ਹੈ ਕਿ ਔਕਸ ਨਾਲ ਪੂਰਾ ਇੰਡੋ-ਪੈਸੀਫਿਕ ਖੇਤਰ ਹਥਿਆਰਾਂ ਦੀ ਦੌੜ ਵਿੱਚ ਧੱਕਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ‘ਪਰਮਾਣੂ ਮੁਕਤ’ ਨੀਤੀ ਜਾਰੀ ਰੱਖੇਗਾ ਅਤੇ ਅਜਿਹੀਆਂ ਪਣਡੁੱਬੀਆਂ ਆਪਣੇ ਪਾਣੀਆਂ ਵਿੱਚ ਦਾਖਲ ਨਹੀਂ ਹੋਣ ਦੇਵੇਗਾ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਹੈ ਕਿ ਚੀਨ ਦੀ ਵਧਦੀ ਫ਼ੌਜੀ ਤਾਕਤ ਦੇ ਮੱਦੇਨਜ਼ਰ ਔਕਸ ਆਸਟਰੇਲੀਆ ਲਈ ਸੁਰੱਖਿਆ ਦੀ ਗਰੰਟੀ ਹੈ ਅਤੇ ਇਹ ਸਮੇਂ ਦੀ ਮੁੱਖ ਮੰਗ ਹੈ।

