ਸਰਬਜੀਤ ਉਰਫ ਨੂਰ ਨੂੰ ਪ੍ਰੇਸ਼ਾਨ ਨਾ ਕਰਨ ਦੇ ਹੁਕਮ
ਸਰਬਜੀਤ ਕੌਰ ਤੇ ਨਾਸਿਰ ਹੁਸੈਨ ਪੁਲੀਸ ਖ਼ਿਲਾਫ਼ ਲਾਹੌਰ ਹਾਈ ਕੋਰਟ ਪੁੱਜੇ
ਲਾਹੌਰ ਹਾਈ ਕੋਰਟ ਨੇ ਅੱਜ ਪੁਲੀਸ ਨੂੰ ਭਾਰਤੀ ਸਿੱਖ ਮਹਿਲਾ ਨੂੰ ਪ੍ਰੇਸ਼ਾਨ ਨਾ ਕਰਨ ਦੇ ਹੁਕਮ ਦਿੱਤੇ ਜਿਸ ਨੇ ਧਰਮ ਬਦਲ ਕੇ ਸਥਾਨਕ ਮੁਸਲਿਮ ਸ਼ਖ਼ਸ ਨਾਲ ਵਿਆਹ ਕਰ ਲਿਆ ਸੀ। ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੇ ਅੱਜ ਲਾਹੌਰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਸ਼ਿਕਾਇਤ ਦਿੱਤੀ ਕਿ ਪੁਲੀਸ ਨੇ ਸ਼ੇਖੂਪੁਰਾ ਦੇ ਫਾਰੂਕਾਬਾਦ ਸਥਿਤ ਉਸ ਦੇ ਘਰ ’ਤੇ ਛਾਪਾ ਮਾਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਤੇ ਉਨ੍ਹਾਂ ’ਤੇ ਵਿਆਹ ਤੋੜਨ ਲਈ ਦਬਾਅ ਬਣਾਇਆ। ਸਰਬਜੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਪਾਕਿਸਤਾਨੀ ਨਾਗਰਿਕ ਹੈ ਅਤੇ ਉਸ ਨੇ ਵੀਜ਼ਾ ਵਧਾਉਣ ਤੇ ਪਾਕਿਸਤਾਨੀ ਨਾਗਰਿਕਤਾ ਹਾਸਲ ਕਰਨ ਲਈ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਹਾਈ ਕੋਰਟ ਦੇ ਜੱਜ ਫਾਰੂਕ ਹੈਦਰ ਨੇ ਪੁਲੀਸ ਨੂੰ ਹੁਕਮ ਦਿੱਤਾ ਕਿ ਪਟੀਸ਼ਨਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਸਰਬਜੀਤ ਕੌਰ (48) ਉਨ੍ਹਾਂ ਸਿੱਖ ਸ਼ਰਧਾਲੂਆਂ ’ਚ ਸ਼ਾਮਲ ਸੀ ਜੋ ਇਸ ਮਹੀਨੇ ਦੀ ਸ਼ੁਰੂਆਤ ’ਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ’ਚ ਸ਼ਾਮਲ ਹੋਣ ਲਈ ਭਾਰਤ ਤੋਂ ਪਾਕਿਸਤਾਨ ਆਏ ਸਨ। ਸ਼ਰਧਾਲੂ 13 ਨਵੰਬਰ ਨੂੰ ਭਾਰਤ ਪਰਤ ਆਏ ਪਰ ਸਰਬਜੀਤ ਕੌਰ ਲਾਪਤਾ ਪਾਈ ਗਈ। ਲਾਹੌਰ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਚਾਰ ਨਵੰਬਰ ਨੂੰ ਪਾਕਿਸਤਾਨ ਪਹੁੰਚਣ ਤੋਂ ਇੱਕ ਦਿਨ ਬਾਅਦ ਲਾਹੌਰ ਤੋਂ ਤਕਰੀਬਨ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਸਿਰ ਹੁਸੈਨ ਨਾਲ ਵਿਆਹ ਕਰ ਲਿਆ ਸੀ।

