ਇਜ਼ਰਾਈਲ ’ਚ ਵਿਰੋਧੀ ਧਿਰ ਨੇ ਜਾਂਚ ਦੇ ਮੁੱਦੇ ’ਤੇ ਸਰਕਾਰ ਘੇਰੀ
ਨੇਤਨਯਾਹੂ ਹਮਾਸ ਦੇ ਹਮਲੇ ’ਚ ਸਰਕਾਰ ਦੀ ਨਾਕਾਮੀ ਦੀ ਜਾਂਚ ਲੲੀ ਰਾਜ਼ੀ
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਗਏ ਹਮਲੇ ’ਚ ਸਰਕਾਰ ਦੀ ਨਾਕਾਮੀ ਸਬੰਧੀ ਜਾਂਚ ਕਰਾਉਣ ’ਤੇ ਸਹਿਮਤੀ ਜਤਾਈ ਹੈ। ਵਿਰੋਧੀ ਧਿਰਾਂ ਨੇ ਨਿਰਪੱਖ ਜਾਂਚ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨੇਤਨਯਾਹੂ ਜੰਗ ਲਈ ਆਪਣੀ ਸਰਕਾਰ ਦੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਹਨ। ਵਿਰੋਧੀ ਪਾਰਟੀਆਂ ਨੇ ਜਾਂਚ ਕਮਿਸ਼ਨ ਬਣਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਪੂਰਨ ਸਰਕਾਰੀ ਜਾਂਚ ਨਾਲੋਂ ਘੱਟ ਹੈ। ਵਿਰੋਧੀ ਧਿਰ ਦੇ ਨੇਤਾ ਯਾਇਰ ਲੈਪਿਡ ਨੇ ਬੀਤੇ ਦਿਨ ਕਿਹਾ, ‘‘ਸਰਕਾਰ ਸੱਚਾਈ ਤੋਂ ਬਚਣ ਤੇ ਜ਼ਿੰਮੇਵਾਰੀ ਤੋਂ ਭੱਜਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਰਾਜ ਜਾਂਚ ਕਮਿਸ਼ਨ ਨੂੰ ਲੈ ਕੇ ਵੱਡੇ ਪੱਧਰ ’ਤੇ ਆਮ ਸਹਿਮਤੀ ਹੈ। ਦੇਸ਼ ਨੂੰ ਇਸੇ ਦੀ ਜ਼ਰੂਰਤ ਹੈ। ਜਨਤਾ ਇਹੀ ਮੰਗ ਕਰਦੀ ਹੈ ਤੇ ਇਹੀ ਹੋਵੇਗਾ।’’ ਉਨ੍ਹਾਂ ਕਿਹਾ ਕਿ ਸਰਕਾਰ ਦਾ ਆਪਣੀਆਂ ਨਾਕਾਮੀਆਂ ਦੀ ਜਾਂਚ ਤੋਂ ਇਨਕਾਰ ਕਰਨਾ ਕੌਮੀ ਸੁਰੱਖਿਆ ਨੂੰ ਖਤਰੇ ’ਚ ਪਾਉਂਦਾ ਹੈ, ਬੇਇੱਜ਼ਤੀ ਦਾ ਕਾਰਨ ਬਣਦਾ ਹੈ ਅਤੇ 7 ਅਕਤੂਬਰ ਮਗਰੋਂ ਇੰਨੀਆਂ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਤੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਹੈ। ਡੈਮੋਕਰੈਟਸ ਪਾਰਟੀ ਦੇ ਮੁਖੀ ਐੱਮ ਕੇ ਯਾਇਰ ਗੋਲਾਨ ਨੇ ਸੋਸ਼ਲ ਮੀਡੀਆ ’ਤੇ ਆਲੋਚਨਾ ਕਰਦਿਆਂ ਕਿਹਾ, ‘‘ਜਿਸ ਦੀ ਜਾਂਚ ਹੋ ਰਹੀ ਹੈ, ਉਹ ਆਪਣੇ ਜਾਂਚਕਰਤਾ ਨਿਯੁਕਤ ਨਹੀਂ ਕਰਦਾ। 7 ਅਕਤੂਬਰ ਦੀ ਘਟਨਾ ਦੀ ਜਾਂਚ ਰਾਜ ਜਾਂਚ ਕਮਿਸ਼ਨ ਕਰੇਗਾ। ਇਹ ਵਾਅਦਾ ਹੈ।’’ ਯਾਸ਼ਰ ਪਾਰਟੀ ਦੇ ਆਗੂ ਐੱਮ ਕੇ ਗਾਦੀ ਆਈਜ਼ੇਨਕੋਨ ਨੇ ਤਜਵੀਜ਼ ਕੀਤੇ ਕਮਿਸ਼ਨ ਨੂੰ ‘ਅੱਖਾਂ ’ਚ ਘੱਟਾ ਪਾਉਣ’ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਭਾਰਤੀ ਮੂਲ ਦੇ ਇਜ਼ਰਾਇਲੀ ਉੱਦਮੀ ਐਲੀਯਾਹੂ ਬੈਜ਼ਾਲੇਲ ਦਾ ਦੇਹਾਂਤ
ਯੇਰੂਸ਼ਲਮ: ਪਰਵਾਸੀ ਭਾਰਤੀ ਸਨਮਾਨ ਪ੍ਰਾਪਤ ਕਰਨ ਵਾਲੇ ਇਜ਼ਰਾਈਲ ਦੇ ਪਹਿਲੇ ਭਾਰਤੀ ਮੂਲ ਦੇ ਉੱਦਮੀ ਐਲੀਯਾਹੂ ਬੈਜ਼ਾਲੇਲ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਨ੍ਹਾਂ ਇਜ਼ਰਾਈਲ ਵਿੱਚ ਚਰਵਾਹੇ ਵਜੋਂ ਕੰਮ ਕਰਨ ਤੋਂ ਲੈ ਕੇ ਆਪਣੀ ਅਣਥੱਕ ਮਿਹਨਤ ਨਾਲ ਖੇਤੀ ਖੇਤਰ ਵਿੱਚ ਨਾਮ ਕਮਾਇਆ ਸੀ। ਬੈਜ਼ਾਲੇਲ ਕੇਰਲਾ ਦੇ ਪਿੰਡ ਚੇਂਦਾਮੰਗਲਮ ਦੇ ਰਹਿਣ ਵਾਲੇ ਸਨ। ਉਹ 1955 ਵਿੱਚ 25 ਸਾਲ ਦੀ ਉਮਰ ਵਿੱਚ ਇਜ਼ਰਾਈਲ ਆ ਗਏ। ਇੱਥੇ ਆਉਣ ਤੋਂ ਬਾਅਦ ਵੀ ਉਹ ਆਪਣੀ ਧਰਤੀ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਰਹੇ। ਉਨ੍ਹਾਂ ਨੂੰ 2006 ਵਿੱਚ ਪਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ ਸੀ, ਜੋ ਭਾਰਤ ਵੱਲੋਂ ਪਰਵਾਸੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਨਾਗਰਿਕ ਸਨਮਾਨ ਹੈ। ਬੈਜ਼ਾਲੇਲ ਨੇ ਇਜ਼ਰਾਈਲ ਦੇ ਨੈਗੇਵ ਮਾਰੂਥਲ ਵਿੱਚ ਬਾਗ਼ਬਾਨੀ ਕੀਤੀ ਅਤੇ 1964 ਵਿੱਚ ਸਾਬਕਾ ਇਜ਼ਰਾਇਲੀ ਪ੍ਰਧਾਨ ਮੰਤਰੀ ਲੇਵੀ ਐਸ਼ਕੋਲ ਤੋਂ ਸਰਵੋਤਮ ਬਰਾਮਦਕਾਰ ਦਾ ਪੁਰਸਕਾਰ ਹਾਸਲ ਕੀਤਾ। -ਪੀਟੀਆਈ

