DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Operation rising Lion: ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ

IRGC ਚੀਫ ਜਨਰਲ ਹੁਸੈਨ ਸਲਾਮੀ ਦੀ ਮੌਤ, ਭਾਰਤੀਆਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ; ਏਅਰ ਇੰਡੀਆ ਵੱਲੋਂ ਲੰਮੀ ਦੂਰੀ ਵਾਲੀਆਂ 16 ਉਡਾਣਾਂ ਡਾਈਵਰਟ
  • fb
  • twitter
  • whatsapp
  • whatsapp
featured-img featured-img
ਤਹਿਰਾਨ ਵਿਚ ਇਜ਼ਰਾਇਲੀ ਹਮਲੇ ਵਿਚ ਨੁਕਸਾਨੀ ਇਮਾਰਤ ਨੂੰ ਦੇਖਦੇ ਲੋਕ। ਫੋਟੋ: ਰਾਇਟਰਜ਼
Advertisement

ਯਰੂਸ਼ਲਮ/ਤਹਿਰਾਨ, 13 ਜੂਨ

Israel Iran War: ਇਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਇਰਾਦੇ ਨਾਲ ਇਜ਼ਰਾਈਲ ਨੇ ‘Operation rising Lion’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਨਤਾਂਜ (Natanz) ਸਥਿਤ ਇਰਾਨ ਦੇ ਮੁੱਖ ਸੰਸ਼ੋਧਨ ਕੇਂਦਰ ਸਣੇ ਹੋਰਨਾਂ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ ਇਰਾਨ ਦੇ ਨੀਮ ਫੌਜੀ ਬਲ ‘ਰੈਵੋਲਿਊਸ਼ਨਰੀ ਗਾਰਡ’ (IRGC) ਦੇ ਮੁਖੀ ਜਨਰਲ ਹੁਸੈਨ ਸਲਾਮੀ ਦੀ ਮੌਤ ਹੋ ਗਈ। ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਆਪਣੀ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਬਿਆਨ ਵਿਚ ਇਸ ਤੋਂ ਛੁੱਟ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਧਰ ਇਜ਼ਰਾਈਲ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸੀ ਵਰਤਣ ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

Advertisement

ਨੇਤਨਯਾਹੂ ਨੇ ਸ਼ੁੱਕਰਵਾਰ ਸਵੇਰੇ ਇਕ ਵੀਡੀਓ ਸੁਨੇਹੇ ਵਿਚ ਕਿਹਾ, ‘‘ਕੁਝ ਹੀ ਸਮਾਂ ਪਹਿਲਾਂ ਇਜ਼ਰਾਈਲ ਨੇ ‘Operation Rising Lion’ ਸ਼ੁਰੂ ਕੀਤਾ ਹੈ ਜੋ ਇਜ਼ਰਾਈਲ ਦੀ ਹੋਂਦ ਲਈ ਇਰਾਨੀ ਖਤਰੇ ਨੂੰ ਖ਼ਤਮ ਕਰਨ ਵਾਸਤੇ ਇਕ ਸੋਚਿਆ ਸਮਝਿਆ ਫੌਜੀ ਅਪਰੇਸ਼ਨ ਹੈ। ਖ਼ਤਰਾ ਖ਼ਤਮ ਹੋਣ ਤੱਕ ਇਹ ਅਪਰੇਸ਼ਨ ਜਾਰੀ ਰਹੇਗਾ।’’

ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ‘‘ਦਹਾਕਿਆਂ ਤੋਂ ਤਹਿਰਾਨ ਦੇ ਤਾਨਾਸ਼ਾਹ ਸ਼ਰੇਆਮ ਇਜ਼ਰਾਈਲ ਦੇ ਵਿਨਾਸ਼ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨਸਲਕੁਸ਼ੀ ਦੀ ਆਪਣੀ ਬਿਆਨਬਾਜ਼ੀ ਦੇ ਨਾਲ ਪ੍ਰਮਾਣੂ ਹਥਿਆਰ ਵਿਕਸਤ ਕਰਨ ਦਾ ਪ੍ਰੋਗਰਾਮ ਅੱਗੇ ਵਧਾਇਆ ਹੈ। ਇਰਾਨ ਨੇ ਹਾਲ ਹੀ ਦੇ ਸਾਲਾਂ ਵਿੱਚ ਨੌਂ ਪ੍ਰਮਾਣੂ ਬੰਬ ਬਣਾਉਣ ਲਈ ਕਾਫ਼ੀ ਜ਼ਿਆਦਾ ਸੋਧਿਆ ਯੂਰੇਨੀਅਮ ਪੈਦਾ ਕੀਤਾ ਹੈ।’’

ਨੇਤਨਯਾਹੂ ਨੇ ਕਿਹਾ, ‘‘ਹਾਲ ਹੀ ਦੇ ਮਹੀਨਿਆਂ ਵਿੱਚ, ਇਰਾਨ ਨੇ ਉਹ ਕਦਮ ਚੁੱਕੇ ਹਨ ਜੋ ਉਸ ਨੇ ਪਹਿਲਾਂ ਕਦੇ ਨਹੀਂ ਚੁੱਕੇ। ਜਿਵੇਂ ਕਿ ਸੋਧੇ ਹੋਏ ਯੂਰੇਨੀਅਮ ਤੋਂ ਹਥਿਆਰ ਬਣਾਉਣ ਦਾ ਕਦਮ, ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ, ਤਾਂ ਇਰਾਨ ਬਹੁਤ ਘੱਟ ਸਮੇਂ ਵਿੱਚ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ। ਇਹ ਇੱਕ ਸਾਲ ਵਿੱਚ ਹੋ ਸਕਦਾ ਹੈ, ਇਹ ਕੁਝ ਮਹੀਨਿਆਂ ਵਿੱਚ ਹੋ ਸਕਦਾ ਹੈ, ਜਾਂ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੋ ਸਕਦਾ ਹੈ। ਇਹ ਇਜ਼ਰਾਈਲ ਦੇ ਵਜੂਦ ਲਈ ਇੱਕ ਸਪਸ਼ਟ ਖ਼ਤਰਾ ਹੈ।’’

ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਰਾਨੀ ਸ਼ਾਸਨ ਦੇ ਪ੍ਰਮਾਣੂ ਘੁਟਾਲੇ ਦਾ ਸ਼ਿਕਾਰ ਨਹੀਂ ਬਣੇਗਾ। ਇਜ਼ਰਾਈਲ ਨੇ ਦੇਸ਼ ਭਰ ਵਿੱਚ ਐਮਰਜੈਂਸੀ ਵਾਲੀ ਸਥਿਤੀ ਐਲਾਨ ਦਿੱਤੀ ਹੈ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ, ਉਸ ਦੇ ਪ੍ਰਮਾਣੂ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਅਧਿਕਾਰੀਆਂ ਤੇ ਉਸ ਦੇ ਬੈਲਸਟਿਕ ਮਿਜ਼ਾਈਲ ਆਰਸਨਲ ਨੂੰ ਨਿਸ਼ਾਨਾ ਬਣਾਇਆ ਹੈ।

ਉਧਰ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲੇ ਮਗਰੋਂ ਭਾਰਤੀ ਸਫ਼ਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਗੈਰਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਜ਼ਰਾਈਲ ਵੱਲੋਂ ਇਰਾਨ ਵਿਰੁੱਧ 'Operation rising lion’ ਸ਼ੁਰੂ ਕਰਨ ਦਾ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਭਾਰਤੀ ਅੰਬੈਸੀ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, ‘‘ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਜ਼ਰਾਈਲ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।’’ -ਪੀਟੀਆਈ/ਏਪੀ

ਏਅਰ ਇੰਡੀਆ ਵੱਲੋਂ ਲੰਮੀ ਦੂਰੀ ਵਾਲੀਆਂ 16 ਉਡਾਣਾਂ ਡਾਈਵਰਟ

ਮੁੰਬਈ: ਇਜ਼ਰਾਇਲ ਵੱਲੋਂ ਇਰਾਨ ਉੱਤੇ ਹਮਲੇ ਤੇ ਇਰਾਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਮਗਰੋਂ ਏਅਰ ਇੰਡੀਆ ਨੇ ਲੰਮੀ ਦੂਰੀ ਵਾਲੀਆਂ ਆਪਣੀਆਂ 16 ਉਡਾਣਾਂ ਡਾਈਵਰਟ ਕੀਤੀਆਂ ਹਨ। ਏਅਰਲਾਈਨ ਨੇ ਇਕ ਯਾਤਰਾ ਐਡਵਾਈਜ਼ਰੀ ਵਿਚ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਏਅਰ ਇੰਡੀਆ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਤੇ ਇਰਾਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਕਰਕੇ ਆਪਣੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਇੰਡੀਆ ਦੀਆਂ ਕੁਝ ਉਡਾਣਾਂ ਨੂੰ ਮੋੜਿਆ ਜਾ ਰਿਹਾ ਹੈ ਜਾਂ ਆਪਣੇ ਮੂਲ ਸਥਾਨ ’ਤੇ ਵਾਪਸ ਭੇਜਿਆ ਜਾ ਰਿਹਾ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਦੀ ਉਡਾਣ AI130 - ਲੰਡਨ ਹੀਥਰੋ-ਮੁੰਬਈ ਨੂੰ ਵਿਏਨਾ, AI102 ਨਿਊਯਾਰਕ-ਦਿੱਲੀ ਨੂੰ ਸ਼ਾਰਜਾਹ ਜਦੋਂ ਕਿ AI116 ਨਿਊਯਾਰਕ-ਮੁੰਬਈ ਨੂੰ ਜੇਦਾਹ ਵੱਲ ਮੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਡਾਣ AI2018 - ਲੰਡਨ ਹੀਥਰੋ-ਦਿੱਲੀ ਨੂੰ ਮੁੰਬਈ ਵੱਲ ਜਦੋਂ ਕਿ AI129 -ਮੁੰਬਈ-ਲੰਡਨ ਹੀਥਰੋ  ਅਤੇ AI119  ਮੁੰਬਈ-ਨਿਊਯਾਰਕ ਨੂੰ ਮੁੰਬਈ ਵਾਪਸ ਭੇਜ ਦਿੱਤਾ ਗਿਆ ਹੈ। ਏਅਰ ਇੰਡੀਆ ਦੀ ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀ ਉਡਾਣ AI103 ਦਿੱਲੀ ਵਾਪਸ ਆ ਰਹੀ ਹੈ ਅਤੇ AI106 ਨੇਵਾਰਕ-ਦਿੱਲੀ ਨੂੰ ਵਿਏਨਾ ਵੱਲ ਮੋੜਿਆ ਜਾ ਰਿਹਾ ਹੈ। -ਪੀਟੀਆਈ

Advertisement
×