ਵਿਰਜੀਨੀਆ ’ਚ ਸ਼ਨਿਚਰਵਾਰ ਨੂੰ ਇੱਕ ਪਾਂਡਾ (ਰੈਕੂਨ) ਇੱਥੇ ਸ਼ਰਾਬ ਦੇ ਠੇਕੇ ’ਚ ਵੜ ਗਿਆ ਤੇ ਸ਼ੈਲਫ ’ਤੇ ਪਈਆਂ ਸ਼ਰਾਬ ਦੀਆਂ ਬੋਤਲਾਂ ਤੋੜ ਦਿੱਤੀਆਂ। ਸ਼ਰਾਬ ਫਰਸ਼ ’ਤੇ ਜਮ੍ਹਾਂ ਹੋ ਗਈ ਜਿਸ ਨੂੰ ਪੀ ਕੇ ਉਹ ਬੇਹੋਸ਼ ਹੋ ਗਿਆ। ਸ਼ਨਿਚਰਵਾਰ ਸਵੇਰੇ ਵਿਰਜੀਨੀਆ ਦੇ ਐਸ਼ਲੈਂਡ ਇਲਾਕੇ ’ਚ ਠੇਕੇ ਦੇ ਮੁਲਾਜ਼ਮ ਨੂੰ ਨਸ਼ੇ ’ਤੇ ਧੁੱਤ ਹੋਇਆ ਪਾਂਡਾ ਬਾਥਰੂਮ ਦੀ ਫਰਸ਼ ’ਤੇ ਬੇਹੋਸ਼ ਮਿਲਿਆ।
ਸਥਾਨਕ ਐਨੀਮਲ ਕੰਟਰੋਲ ’ਚ ਕੰਮ ਕਰਦੀ ਅਧਿਕਾਰੀ ਸਾਮੰਥਾ ਮਾਰਟਿਨ ਨੇ ਕਿਹਾ, ‘‘ਮੈਨੂੰ ਰੈਕੂਨ ਬਹੁਤ ਪਸੰਦ ਹਨ। ਉਹ ਛੱਤ ਦੀ ਟਾਈਲ ਤੋਂ ਠੇਕੇ ਅੰਦਰ ਡਿੱਗ ਪਿਆ ਤੇ ਸ਼ਰਾਬ ਪੀ ਕੇ ਬੋਹੋਸ਼ ਹੋ ਗਿਆ। ਬਾਅਦ ’ਚ ਉਸ ਨੂੰ ਵਾਪਸ ਐਨੀਮਲ ਸ਼ੈਲਟਰ ਲਿਜਾਇਆ ਗਿਆ।’’ ਹੈਨੋਵਰ ਕਾਊਂਟੀ ਐਨੀਮਲ ਪ੍ਰੋਟੈਕਸ਼ਨ ਐਂਡ ਸ਼ੈਲਟਰ ਨੇ ਪੁਸ਼ਟੀ ਕੀਤੀ ਕਿ ਪਾਂਡਾ ਨੂੰ ਹੋਸ਼ ਆ ਗਿਆ ਹੈ। ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਅਤੇ ਉਸ ਨੂੰ ਜੰਗਲ ’ਚ ਵਾਪਸ ਛੱਡ ਦਿੱਤਾ ਗਿਆ। ਸ਼ਹਿਰ ਵਿੱਚ ਸ਼ਰਾਬ ਦੀ ਦੁਕਾਨ ’ਤੇ ਹੋਈ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਦੁਕਾਨ ਦੇ ਮੁਲਾਜ਼ਮ ਰੂਟੀਨ ’ਚ ਨਿਗਰਾਨੀ ਲਈ ਪਹੁੰਚੇ ਸਨ ਤਾਂ ਉਨ੍ਹਾਂ ਉੱਥੇ ਪਿਆ ਰਕੂਨ ਮਿਲਿਆ। ਇਸ ਮਗਰੋਂ ਹੈਨੋਵਰ ਕਾਊਂਟੀ ਐਨੀਮਲ ਪ੍ਰੋਟੈਕਸ਼ਨ ਐਂਡ ਸ਼ੈਲਟਰ ਨੂੰ ਇਸ ਸੂਚਨਾ ਦਿੱਤੀ ਗਈ।

