ਉੱਤਰੀ ਕੋਰੀਆ ਨੇ ਪੰਜ ਮਹੀਨਿਆਂ ਬਾਅਦ ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ। ਦੱਖਣੀ ਕੋਰੀਆ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰ ਆਗੂਆਂ ਦੀ ਮੁਲਾਕਾਤ ਤੋਂ ਪਹਿਲਾਂ ਇਹ ਪ੍ਰੀਖਣ ਕੀਤੇ ਗਏ ਹਨ। ਦੱਖਣੀ ਕੋਰੀਆ ਅਗਲੇ ਹਫ਼ਤੇ ਏਸ਼ੀਆ-ਪੈਸਿਫਿਕ ਆਰਥਿਕ ਸਹਿਯੋਗ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੂੰ ਪਯੌਂਗਯਾਂਗ (ਉੱਤਰੀ ਕੋਰੀਆ ਦੀ ਰਾਜਧਾਨੀ) ਦੇ ਦੱਖਣੀ ਇਲਾਕੇ ਤੋਂ ਘੱਟ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗ਼ੇ ਜਾਣ ਦਾ ਪਤਾ ਲੱਗਿਆ ਹੈ। ਮਿਜ਼ਾਈਲਾਂ ਉੱਤਰ-ਪੂਰਬੀ ਦਿਸ਼ਾ ’ਚ ਕਰੀਬ 350 ਕਿਲੋਮੀਟਰ ਦੀ ਰਫ਼ਤਾਰ ਨਾਲ ਉੱਡਦੀਆਂ ਦੇਖੀਆਂ ਗਈਆਂ, ਪਰ ਇਹ ਨਹੀਂ ਪਤਾ ਲੱਗਾ ਕਿ ਉਹ ਕਿੱਥੇ ਡਿੱਗੀਆਂ ਹਨ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੀ ਕਿਸੇ ਵੀ ਹਿਮਾਕਤ ਦੇ ਟਾਕਰੇ ਲਈ ਤਿਆਰ ਹੈ। ਜਪਾਨ ਦੀ ਨਵੀਂ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਦਾਗ਼ੀਆਂ ਗਈਆਂ ਮਿਜ਼ਾਈਲਾਂ ਖੇਤਰੀ ਪਾਣੀਆਂ ਜਾਂ ਵਿਸ਼ੇਸ਼ ਆਰਥਿਕ ਜ਼ੋਨ ਤੱਕ ਨਹੀਂ ਪੁੱਜੀਆਂ ਅਤੇ ਨਾ ਹੀ ਕਿਸੇ ਨੁਕਸਾਨ ਦੀ ਕੋਈ ਖ਼ਬਰ ਹੈ। ਟਰੰਪ ਦੇ ਪਹਿਲਾਂ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਤੇ ਦੱੱਖਣ ਕੋਰਿਆਈ ਹਮਰੁਤਬਾ ਲੀ ਜੇ ਮਯੁੰਗ ਸਣੇ ਹੋਰ ਆਗੂਆਂ ਨਾਲ ਦੁਵੱਲੀ ਬੈਠਕਾਂ ਲਈ ਸਿਖਰ ਸੰਮੇਲਨ ਤੋਂ ਪਹਿਲਾਂ ਗਿਓਂਗਜੂ ਆਉਣ ਦੀ ਉਮੀਦ ਸੀ ਪਰ ਦੱਖਣੀ ਕੋਰਿਆਈ ਅਧਿਕਾਰੀਆਂ ਨੇ ਕਿਹਾ ਕਿ ਟਰੰਪ 30 ਅਕਤੂਬਰ ਤੋਂ 1 ਨਵੰਬਰ ਤੱਕ ਹੋਣ ਵਾਲੇ ਏ ਪੀ ਈ ਸੀ ਦੇ ਮੁੱਖ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ।
+
Advertisement
Advertisement
Advertisement
Advertisement
×