ਉੱਤਰੀ ਕੋਰੀਆ ਵੱਲੋਂ ਨਵੀਂ ਅੰਤਰ-ਮਹਾਦੀਪ ਮਿਜ਼ਾਈਲ ਦਾ ਪ੍ਰਦਰਸ਼ਨ
ਵਰਕਰਜ਼ ਪਾਰਟੀ ਦੇ 80ਵੇਂ ਸਥਾਪਨਾ ਦਿਵਸ ਮੌਕੇ ਕੀਤੀ ਫੌਜੀ ਪਰੇਡ
ਵਿਦੇਸ਼ੀ ਆਗੂਆਂ ਦੀ ਹਾਜ਼ਰੀ ’ਚ ਕਰਵਾਈ ਗਈ ਵਿਸ਼ਾਲ ਫੌਜੀ ਪਰੇਡ ’ਚ ਉੱਤਰੀ ਕੋਰਿਆਈ ਆਗੂ ਕਿਮ ਜੌਂਗ ਉਨ ਨੇ ਆਪਣੀ ਪਰਮਾਣੂ ਹਥਿਆਰ ਨਾਲ ਲੈਸ ਸੈਨਾ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਿਸ ’ਚ ਕਈ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਲ ਹਨ। ਉੱਤਰੀ ਕੋਰੀਆ ਆਉਣ ਵਾਲੇ ਦਿਨਾਂ ’ਚ ਇਸ ਮਿਜ਼ਾਈਲ ਦੀ ਅਜ਼ਮਾਇਸ਼ ਦੀ ਤਿਆਰੀ ਕਰ ਰਿਹਾ ਹੈ। ਹਾਕਮ ਵਰਕਰਜ਼ ਪਾਰਟੀ ਦੇ 80ਵੇਂ ਸਥਾਪਨਾ ਦਿਵਸ ਮੌਕੇ ਲੰਘੀ ਰਾਤ ਪਿਓਂਗਯਾਂਗ ਦੇ ਮੁੱਖ ਚੌਕ ’ਤੇ ਮੀਂਹ ਦਰਮਿਆਨ ਪਰੇਡ ਸ਼ੁਰੂ ਹੋਈ। ਇਸ ਪਰੇਡ ਨੇ ਕਿਮ ਦੀ ਵਧਦੀ ਕੂਟਨੀਤਕ ਪਕੜ ਤੇ ਹਥਿਆਰ ਬਣਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨਾਲ ਮਹਾਦੀਪ ਅਮਰੀਕਾ ਤੇ ਏਸ਼ੀਆ ’ਚ ਉਸ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ ਸੀ ਐੱਨ ਏ) ਨੇ ਦੱਸਿਆ ਕਿ ਪਰੇਡ ’ਚ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ ਹੁਆਸੌਂਗ-20 ਪ੍ਰਦਰਸ਼ਿਤ ਕੀਤੀ ਗਈ ਜਿਸ ਦੀ ਅਜ਼ਮਾਇਸ਼ ਹੋਣੀ ਹਾਲੇ ਬਾਕੀ ਹੈ। ਖ਼ਬਰ ਏਜੰਸੀ ਅਨੁਸਾਰ ‘ਇਹ ਸਭ ਤੋਂ ਤਾਕਤਵਰ ਪਰਮਾਣੂ ਕੂਟਨੀਤਕ ਹਥਿਆਰ ਪ੍ਰਣਾਲੀ’ ਹੈ। ਮੰਚ ’ਤੇ ਉੱਚ ਪੱਧਰੀ ਚੀਨੀ, ਵੀਅਤਨਾਮੀ ਤੇ ਰੂਸੀ ਅਧਿਕਾਰੀਆਂ ਨਾਲ ਹਾਜ਼ਰ ਕਿਮ ਨੇ ਕਿਹਾ ਕਿ ਉਨ੍ਹਾਂ ਦੀ ਸੈਨਾ ਨੂੰ ਜੇਤੂ ਇਕਾਈ ਵਜੋਂ ਵਿਕਸਿਤ ਹੋਣਾ ਜਾਰੀ ਰੱਖਣਾ ਚਾਹੀਦਾ ਹੈ ਜੋ ਸਾਰੇ ਖਤਰਿਆਂ ਨੂੰ ਤਬਾਹ ਕਰ ਦੇਵੇ। ਉਨ੍ਹਾਂ ਹਾਲਾਂਕਿ ਅਮਰੀਕਾ ਜਾਂ ਦੱਖਣੀ ਕੋਰੀਆ ਦਾ ਸਿੱਧਾ ਜ਼ਿਕਰ ਨਹੀਂ ਕੀਤਾ।