ਇਮਰਾਨ ਦੀ ਭੈਣ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਦਰਸ਼ਨਾਂ ਦੇ ਮਾਮਲੇ ’ਚ ਅਲੀਮਾ ਨੂੰ ਕੀਤਾ ਗਿਆ ਹੈ ਨਾਮਜ਼ਦ
ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ’ਚੋਂ ਲਗਾਤਾਰ ਗ਼ੈਰ-ਹਾਜ਼ਰ ਰਹਿਣ ਕਾਰਨ ਰਾਵਲਪਿੰਡੀ ਆਧਾਰਿਤ ਅਤਿਵਾਦ ਵਿਰੋਧੀ ਅਦਾਲਤ ਨੇ ਚੌਥੀ ਵਾਰ ਇਹ ਵਾਰੰਟ ਜਾਰੀ ਕੀਤੇ। ਮਾਮਲੇ ’ਤੇ ਸੁਣਵਾਈ 24 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸਲਾਮਾਬਾਦ ’ਚ ਪਿਛਲੇ ਸਾਲ 26 ਨਵੰਬਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੇ ਮਾਮਲੇ ’ਚ ਅਲੀਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਕੇਸ ਦੀ ਸੁਣਵਾਈ ਦੌਰਾਨ 11 ’ਚੋਂ 10 ਮੁਲਜ਼ਮ ਅਦਾਲਤ ’ਚ ਹਾਜ਼ਰ ਸਨ।
ਅਦਾਲਤ ਨੇ ‘ਫਰਜ਼ੀ ਰਿਪੋਰਟ’ ਦਾਖ਼ਲ ਕਰਨ ਲਈ ਰਾਵਲ ਡਿਵੀਜ਼ਨ ਦੇ ਐੱਸ ਪੀ ਸਾਦ ਅਰਸ਼ਦ ਅਤੇ ਡੀ ਐੱਸ ਪੀ ਨਈਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਦੀ ਤੌਹੀਨ ਦੇ ਮਾਮਲੇ ’ਚ ਤਲਬ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਅਧਿਕਾਰੀਆਂ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਅਲੀਮਾ ਲੁਕ ਗਈ ਹੈ ਪਰ ਉਸ ਨੂੰ ਅਡਿਆਲਾ ਜੇਲ੍ਹ (ਜਿਥੇ ਇਮਰਾਨ ਖ਼ਾਨ ਬੰਦ ਹੈ) ਅਤੇ ਸੋਸ਼ਲ ਮੀਡੀਆ ਚੈਨਲਾਂ ’ਤੇ ਦੇਖਿਆ ਗਿਆ। ਇਸ ਤੋਂ ਪਹਿਲਾਂ ਅਲੀਮਾ ਦੇ ਵਕੀਲ ਨੇ ਉਸ ਦੀ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ ਜਿਸ ਨੂੰ ਨਕਾਰ ਦਿੱਤਾ ਗਿਆ।