DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ’ਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੀ

ਇਜ਼ਰਾਈਲ ਦੱਖਣ ਵਾਲੇ ਪਾਸੇ ਵੀ ਕਰ ਰਿਹੈ ਹਵਾਈ ਹਮਲੇ
  • fb
  • twitter
  • whatsapp
  • whatsapp
featured-img featured-img
ਖਾਨ ਯੂਨਿਸ ’ਚ ਇਜ਼ਰਾਇਲੀ ਬੰਬਾਰੀ ਮਗਰੋਂ ਪਏ ਖੱਡੇ ’ਚ ਰਿਸ਼ਤੇਦਾਰਾਂ ਦੀ ਭਾਲ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਖਾਨ ਯੂਨਿਸ, 19 ਅਕਤੂਬਰ

ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਲੋਕਾਂ ਨੂੰ ਦੱਖਣ ਵੱਲ ਜਾਣ ਦੇ ਭਾਵੇਂ ਹੁਕਮ ਦਿੱਤੇ ਹਨ ਪਰ ਉਹ ਕਿਤੇ ਵੀ ਸੁਰੱਖਿਅਤ ਦਿਖਾਈ ਨਹੀਂ ਦੇ ਰਹੇ ਹਨ। ਇਜ਼ਰਾਈਲ ਨੇ ਵੀਰਵਾਰ ਤੜਕੇ ਦੱਖਣ ਸਮੇਤ ਗਾਜ਼ਾ ਪੱਟੀ ’ਚ ਕਈ ਥਾਵਾਂ ’ਤੇ ਹਵਾਈ ਹਮਲੇ ਕੀਤੇ ਜਿਸ ’ਚ ਕਈ ਜਾਨਾਂ ਜਾਣ ਦਾ ਖ਼ਦਸ਼ਾ ਹੈ। ਹਮਾਸ ਵੱਲੋਂ ਦੱਖਣੀ ਇਜ਼ਰਾਈਲ ’ਚ ਕੀਤੇ ਵਹਿਸ਼ੀ ਹਮਲੇ ਮਗਰੋਂ ਇਜ਼ਰਾਇਲੀ ਫ਼ੌਜ ਗਾਜ਼ਾ ’ਚ ਲਗਾਤਾਰ ਹਮਲੇ ਕਰ ਰਹੀ ਹੈ। ਦੱਖਣੀ ਗਾਜ਼ਾ ਦੇ ਸ਼ਹਿਰ ਖਾਨ ਯੂਨਿਸ ਦੀ ਇਕ ਰਿਹਾਇਸ਼ੀ ਇਮਾਰਤ ਸਮੇਤ ਹੋਰ ਥਾਵਾਂ ’ਤੇ ਇਜ਼ਰਾਈਲ ਨੇ ਬੰਬਾਰੀ ਕੀਤੀ। ਨਾਸਿਰ ਹਸਪਤਾਲ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਉਥੇ ਘੱਟੋ ਘੱਟ 12 ਲਾਸ਼ਾਂ ਅਤੇ ਜ਼ਖ਼ਮੀ ਹਾਲਤ ’ਚ 40 ਵਿਅਕਤੀ ਪਹੁੰਚੇ ਹਨ। ਇਹ ਬੰਬਾਰੀ ਉਸ ਸਮੇਂ ਹੋਈ ਹੈ ਜਦੋਂ ਇਜ਼ਰਾਈਲ ਨੇ ਬੁੱਧਵਾਰ ਨੂੰ ਮਿਸਰ ਨੂੰ ਗਾਜ਼ਾ ’ਚ ਸੀਮਤ ਮਾਨਵੀ ਸਹਾਇਤਾ ਭੇਜਣ ਦੀ ਇਜਾਜ਼ਤ ਦਿੱਤੀ ਹੈ। ਗਾਜ਼ਾ ਦੇ 23 ਲੱਖ ਲੋਕਾਂ ’ਚੋਂ ਬਹੁਤੇ ਦਿਨ ’ਚ ਇਕ ਸਮੇਂ ਦਾ ਖਾਣਾ ਖਾ ਰਹੇ ਹਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਗਾਜ਼ਾ ਸਿਟੀ ’ਚ 10 ਲੱਖ ਤੋਂ ਜ਼ਿਆਦਾ ਫਲਸਤੀਨੀ ਆਪਣਾ ਘਰ-ਬਾਰ ਛੱਡ ਕੇ ਹੋਰ ਥਾਵਾਂ ’ਤੇ ਚਲੇ ਗਏ ਹਨ। ਬਹੁਤੇ ਲੋਕ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਜਾਂ ਰਿਸ਼ਤੇਦਾਰਾਂ ਦੇ ਘਰਾਂ ’ਚ ਰਹਿਣ ਲੱਗ ਪਏ ਹਨ। ਖਾਨ ਯੂਨਿਸ ’ਚ ਇਮਾਰਤ ਦੇ ਮਲਬੇ ’ਚੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਲਬੇ ਹੇਠਾਂ ਕਈ ਲੋਕਾਂ ਦੇ ਫਸਣ ਦਾ ਖ਼ਦਸ਼ਾ ਜਤਾਇਆ ਗਿਆ ਹੈ।

Advertisement

ਰਾਮੱਲਾ ’ਚ ਆਪਣੇ ਨਜ਼ਦੀਕੀ ਦੀ ਮੌਤ ’ਤੇ ਵਿਰਲਾਪ ਕਰਦੀਆਂ ਹੋਈਆਂ ਮਹਿਲਾਵਾਂ। -ਫੋਟੋ: ਰਾਇਟਰਜ਼

ਗਾਜ਼ਾ ’ਚ ਹਮਾਸ ਦੀ ਅਗਵਾਈ ਹੇਠਲੀ ਸਰਕਾਰ ਨੇ ਕਿਹਾ ਕਿ ਇਲਾਕੇ ’ਚ ਹਮਲੇ ਨਾਲ ਕਈ ਬੇਕਰੀਆਂ ਵੀ ਤਬਾਹ ਹੋ ਗਈਆਂ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਮਿਸਰ ਦੀ ਸਰਹੱਦ ਨੇੜੇ ਰਾਫਾ ’ਚ ਫਲਸਤੀਨ ਦਾ ਇਕ ਚੋਟੀ ਦਾ ਦਹਿਸ਼ਤਗਰਦ ਮਾਰਿਆ ਗਿਆ ਜਦਕਿ ਗਾਜ਼ਾ ’ਚ ਸੈਂਕੜੇ ਨਿਸ਼ਾਨੇ ਫੁੰਡੇ ਗਏ ਹਨ। ਇਜ਼ਰਾਈਲ ਮੁਤਾਬਕ ਉਹ ਸਿਰਫ਼ ਹਮਾਸ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਦਕਿ ਧੜੇ ਦੇ ਆਗੂ ਅਤੇ ਲੜਾਕੇ ਆਮ ਆਬਾਦੀ ’ਚ ਪਨਾਹ ਲੈ ਰਹੇ ਹਨ। ਮੂਸਾ ਪਰਿਵਾਰ ਨੇ ਗਾਜ਼ਾ ਦੇ ਕਸਬੇ ਦੀਰ ਅਲ-ਬਾਲਾਹ ਨੂੰ ਛੱਡ ਕੇ ਸਥਾਨਕ ਹਸਪਤਾਲ ਨੇੜੇ ਆਪਣੇ ਰਿਸ਼ਤੇਦਾਰ ਦੇ ਤਿੰਨ ਮੰਜ਼ਿਲਾ ਘਰ ’ਚ ਪਨਾਹ ਲਈ ਸੀ ਪਰ ਬੁੱਧਵਾਰ ਰਾਤ ਸਾਢੇ 7 ਵਜੇ ਹਵਾਈ ਹਮਲੇ ’ਚ ਘਰ ਮਲਬੇ ’ਚ ਤਬਦੀਲ ਹੋ ਗਿਆ ਅਤੇ 20 ਔਰਤਾਂ ਤੇ ਬੱਚੇ ਉਸ ਹੇਠਾਂ ਦਬ ਗਏ। ਖ਼ਬਰ ਏਜੰਸੀ ਏਪੀ ਦੀ ਫੋਟੋ ਜਰਨਲਿਸਟ ਅਦੇਲ ਹਾਨਾ ਦੀ ਰਿਸ਼ਤੇਦਾਰ ਹਿਆਮ ਮੂਸਾ ਦੀ ਲਾਸ਼ ਮਲਬੇ ’ਚੋਂ ਮਿਲੀ। ਹਾਨਾ ਨੇ ਕਿਹਾ ਕਿ ਉਹ ਇਲਾਕਾ ਸੁਰੱਖਿਅਤ ਸਮਝ ਕੇ ਉਥੇ ਗਏ ਸਨ ਪਰ ਇਜ਼ਰਾਇਲੀ ਹਮਲੇ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ। ਅਲ-ਜ਼ਾਹਰਾ ’ਚ ਤਿੰਨ ਰਿਹਾਇਸ਼ੀ ਟਾਵਰ ਵੀ ਹਵਾਈ ਹਮਲੇ ਦੀ ਮਾਰ ਹੇਠ ਆਏ ਹਨ। ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਗਾਜ਼ਾ ’ਚ 3785 ਵਿਅਕਤੀ ਮਾਰੇ ਜਾ ਚੁੱਕੇ ਹਨ ਜਨਿ੍ਹਾਂ ’ਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਏਵ ਗੈਲੈਂਟ ਨੇ ਸਰਹੱਦ ’ਤੇ ਫ਼ੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਗਾਜ਼ਾ ਪੱਟੀ ਵਿੱਚ ਦਾਖਲ ਹੋਣ ਲਈ ਤਿਆਰ ਰਹਿਣ। ਉਂਝ, ਉਨ੍ਹਾਂ ਇਹ ਨਹੀਂ ਦੱਸਿਆ ਕਿ ਜ਼ਮੀਨੀ ਹਮਲਾ ਕਦੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਜਵਾਨਾਂ ਨਾਲ ਵਾਅਦਾ ਕੀਤਾ ਕਿ ਉਹ ਹੁਣ ਗਾਜ਼ਾ ਅੰਦਰ ਦਾਖਲ ਹੋ ਕੇ ਹੀ ਸ਼ਹਿਰ ਨੂੰ ਦੇਖਣਗੇ। ਅਧਿਕਾਰੀਆਂ ਨੇ ਕਿਹਾ ਕਿ ਕਰੀਬ 12500 ਵਿਅਕਤੀ ਜ਼ਖ਼ਮੀ ਹੋਏ ਹਨ ਅਤੇ 1300 ਹੋਰ ਦੇ ਮਲਬੇ ਹੇਠਾਂ ਦਬੇ ਹੋਣ ਦਾ ਸ਼ੱਕ ਹੈ। ਉਧਰ ਇਜ਼ਰਾਈਲ ’ਚ 1400 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। -ਏਪੀ

ਇਜ਼ਰਾਈਲ ’ਤੇ ਹਮਲੇ ਲਈ ਹਮਾਸ ਨੇ ਉੱਤਰੀ ਕੋਰੀਆ ਦੇ ਕੁਝ ਹਥਿਆਰ ਵਰਤੇ

ਸਿਓਲ: ਜ਼ਬਤ ਕੀਤੇ ਗਏ ਹਥਿਆਰਾਂ ਅਤੇ ਅਤਿਵਾਦੀਆਂ ਦੇ ਵੀਡੀਓ ਤੋਂ ਖ਼ੁਲਾਸਾ ਹੋਇਆ ਹੈ ਕਿ ਹਮਾਸ ਦੇ ਲੜਾਕਿਆਂ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲੇ ਲਈ ਉੱਤਰੀ ਕੋਰੀਆ ਦੇ ਕੁਝ ਹਥਿਆਰਾਂ ਦੀ ਵਰਤੋਂ ਕੀਤੀ ਸੀ। ਉਂਜ ਉੱਤਰੀ ਕੋਰੀਆ ਨੇ ਦਹਿਸ਼ਤੀ ਗੁੱਟ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਮਾਸ ’ਤੇ ਪਯੋਂਗਯੈਂਗ ਦੇ ਐੱਫ-7 ਆਰਪੀਜੀ ਵਰਤਣ ਦਾ ਦਾਅਵਾ ਕੀਤਾ ਗਿਆ ਹੈ। ਹਥਿਆਰਾਂ ਦੇ ਮਾਹਿਰ ਐੱਨ ਆਰ ਜੇਨਜ਼ੇਨ-ਜੋਨਸ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਉੱਤਰੀ ਕੋਰੀਆ ਲੰਬੇ ਸਮੇਂ ਤੋਂ ਫਲਸਤੀਨੀ ਦਹਿਸ਼ਤੀ ਗੁੱਟ ਨੂੰ ਹਮਾਇਤ ਦਿੰਦਾ ਆ ਰਿਹਾ ਹੈ ਅਤੇ ਉਸ ਦੇ ਹਥਿਆਰ ਸੀਰੀਆ, ਇਰਾਕ, ਲਬਿਨਾਨ ਅਤੇ ਗਾਜ਼ਾ ਪੱਟੀ ’ਚ ਮਿਲੇ ਹਨ। ਇਜ਼ਰਾਇਲੀ ਫ਼ੌਜ ਵੱਲੋਂ ਜ਼ਬਤ ਕੀਤੇ ਗਏ ਹਥਿਆਰਾਂ ’ਤੇ ਲਾਲ ਪੱਟੀ ਅਤੇ ਹੋਰ ਡਿਜ਼ਾਈਨ ਐੱਫ-7 ਨਾਲ ਮੇਲ ਖਾਂਦੇ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਵੀ ਐੱਫ-7 ਦੀ ਸ਼ਨਾਖ਼ਤ ਕੀਤੀ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਹਮਾਸ ਨੇ ਹਮਲੇ ’ਚ ਉਨ੍ਹਾਂ ਦੀ ਵਰਤੋਂ ਕੀਤੀ ਸੀ। ਉੱਤਰੀ ਕੋਰੀਆ ’ਤੇ ਪਹਿਲਾਂ ਹੀ ਪੱਛਮੀ ਮੁਲਕਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਉਹ ਯੂਕਰੇਨ ਖ਼ਿਲਾਫ਼ ਜੰਗ ’ਚ ਰੂਸ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। -ਏਪੀ

ਮੋਦੀ ਨੇ ਫਲਸਤੀਨ ਦੇ ਰਾਸ਼ਟਰਪਤੀ ਨਾਲ ਮੌਤਾਂ ’ਤੇ ਦੁੱਖ ਵੰਡਾਇਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਅਥਾਰਿਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗਾਜ਼ਾ ਹਸਪਤਾਲ ’ਚ ਹੋਈਆਂ ਮੌਤਾਂ ’ਤੇ ਦੁੱਖ ਵੰਡਾਇਆ ਹੈ। ਉਨ੍ਹਾਂ ਇਜ਼ਰਾਈਲ-ਫਲਸਤੀਨ ਮੁੱਦੇ ’ਤੇ ਭਾਰਤ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ‘ਸਿਧਾਂਤਕ ਸਟੈਂਡ’ ਨੂੰ ਦੁਹਰਾਇਆ। ਅੱਬਾਸ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਮੋਦੀ ਨੇ ਖ਼ਿੱਤੇ ’ਚ ਅਤਿਵਾਦ, ਹਿੰਸਾ ਅਤੇ ਵਿਗੜ ਰਹੇ ਸੁਰੱਖਿਆ ਹਾਲਾਤ ’ਤੇ ਡੂੰਘੀ ਚਿੰਤਾ ਜਤਾਈ। ਪ੍ਰਧਾਨ ਮੰਤਰੀ ਨੇ ਫਲਸਤੀਨ ਅਥਾਰਿਟੀ ਦੇ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਕਿ ਨਵੀਂ ਦਿੱਲੀ ਫਲਸਤੀਨੀ ਲੋਕਾਂ ਲਈ ਮਾਨਵੀ ਸਹਾਇਤਾ ਭੇਜਣਾ ਜਾਰੀ ਰੱਖੇਗਾ। ਮੋਦੀ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਕਿਹਾ,‘‘ਮੈਂ ਫਲਸਤੀਨੀ ਅਥਾਰਿਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲਬਾਤ ਕਰਕੇ ਗਾਜ਼ਾ ਦੇ ਅਲ ਆਹਲੀ ਹਸਪਤਾਲ ’ਚ ਆਮ ਲੋਕਾਂ ਦੀਆਂ ਜਾਨਾਂ ਜਾਣ ’ਤੇ ਦੁੱਖ ਵੰਡਾਇਆ ਹੈ। ਅਸੀਂ ਫਲਸਤੀਨੀ ਲੋਕਾਂ ਲਈ ਮਾਨਵੀ ਸਹਾਇਤਾ ਭੇਜਣਾ ਜਾਰੀ ਰੱਖਾਂਗੇ। ਖ਼ਿੱਤੇ ’ਚ ਅਤਿਵਾਦ, ਹਿੰਸਾ ਅਤੇ ਵਿਗੜ ਰਹੇ ਹਾਲਾਤ ’ਤੇ ਡੂੰਘੀ ਚਿੰਤਾ ਸਾਂਝੀ ਕੀਤੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਜ਼ਰਾਈਲ-ਫਲਸਤੀਨ ਮੁੱਦੇ ’ਤੇ ਭਾਰਤ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਧਾਂਤਕ ਸਟੈਂਡ ਨੂੰ ਵੀ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਹਸਪਤਾਲ ’ਤੇ ਹੋਏ ਹਮਲੇ ’ਚ ਲੋਕਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਟਕਰਾਅ ਦੌਰਾਨ ਆਮ ਲੋਕਾਂ ਦੀ ਮੌਤ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਹਮਲੇ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਧਰ ਗਾਜ਼ਾ ਦੇ ਇਕ ਹਸਪਤਾਲ ’ਤੇ ਹਮਲੇ ਨਾਲ ਆਲਮੀ ਪੱਧਰ ’ਤੇ ਫੈਲੇ ਰੋਸ ਦਰਮਿਆਨ ਭਾਰਤ ਨੇ ਕੌਮਾਂਤਰੀ ਮਾਨਵੀ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਜਾਨੀ ਨੁਕਸਾਨ ਅਤੇ ਮਾਨਵੀ ਹਾਲਾਤ ਬਾਰੇ ਫਿਕਰਮੰਦ ਹੈ।

ਇਸ ਹਫ਼ਤੇ ਗਾਜ਼ਾ ਦੇ ਇਕ ਹਸਪਤਾਲ ’ਤੇ ਹੋਏ ਹਮਲੇ ਦੇ ਸਬੰਧ ’ਚ ਸਵਾਲਾਂ ਦਾ ਜਵਾਬ ਦਿੰਦਿਆਂ ਬਾਗਚੀ ਨੇ ਕਿਹਾ,‘‘ਅਸੀਂ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਦੀ ਬੇਨਤੀ ਕਰਦੇ ਹਾਂ। ਅਸੀਂ ਇਜ਼ਰਾਈਲ ’ਤੇ ਹੋਏ ਵਹਿਸ਼ੀ ਹਮਲੇ ਦੀ ਵੀ ਤਿੱਖੀ ਆਲੋਚਨਾ ਕਰਦੇ ਹਾਂ। ਕੌਮਾਂਤਰੀ ਭਾਈਚਾਰੇ ਨੂੰ ਅਤਿਵਾਦ ਦੇ ਸਾਰੇ ਢੰਗ-ਤਰੀਕਿਆਂ ਨਾਲ ਰਲ ਕੇ ਸਿੱਝਣਾ ਚਾਹੀਦਾ ਹੈ।’’ ਫਲਸਤੀਨ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਨੇ ਦੋ-ਰਾਸ਼ਟਰ ਹੱਲ ਲਈ ਸਿੱਧੀ ਵਾਰਤਾ ਦੇ ਪੱਖ ’ਚ ਆਪਣਾ ਰੁਖ਼ ਦੁਹਰਾਇਆ ਹੈ। ਗਾਜ਼ਾ ਦੇ ਅਲ ਆਹਲੀ ਅਰਬ ਹਸਪਤਾਲ ’ਚ ਮੰਗਲਵਾਰ ਨੂੰ ਹੋਏ ਧਮਾਕੇ ’ਚ ਕਰੀਬ 470 ਵਿਅਕਤੀ ਮਾਰੇ ਗਏ ਸਨ ਜਿਸ ਦੀ ਵੱਡੇ ਪੱਧਰ ’ਤੇ ਨਿਖੇਧੀ ਹੋਈ ਹੈ। ਉਂਜ ਫਲਸਤੀਨ ਨੇ ਹਮਲੇ ਦੀ ਜ਼ਿੰਮੇਵਾਰੀ ਇਜ਼ਰਾਈਲ ਅਤੇ ਇਜ਼ਰਾਈਲ ਨੇ ਹਮਾਸ ’ਤੇ ਸੁੱਟ ਦਿੱਤੀ ਹੈ। -ਪੀਟੀਆਈ

ਮੁਸੀਬਤ ਦੀ ਘੜੀ ’ਚ ਅਸੀਂ ਇਜ਼ਰਾਈਲ ਨਾਲ ਖੜ੍ਹੇ ਹਾਂ: ਸੂਨਕ

ਆਪਣੇ ਇਜ਼ਰਾਇਲੀ ਹਮਰੁਤਬਾ ਬੈਂਜਾਮਨਿ ਨੇਤਨਯਾਹੂ ਨਾਲ ਮਿਲਦੇ ਹੋਏ ਰਿਸ਼ੀ ਸੂਨਕ।

ਤਲ ਅਵੀਵ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਜ਼ਰਾਈਲ ਦੌਰੇ ਦੇ ਇਕ ਦਿਨ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅੱਜ ਇਥੇ ਪੁੱਜੇ ਅਤੇ ਉਨ੍ਹਾਂ ਮੁਸੀਬਤ ਦੀ ਘੜੀ ’ਚ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਅਹਿਦ ਲੈਂਦਿਆਂ ਗਾਜ਼ਾ ’ਚ ਮਾਨਵੀ ਲਾਂਘਾ ਖੋਲ੍ਹਣ ਦਾ ਸਵਾਗਤ ਕੀਤਾ ਹੈ। ਖ਼ਿੱਤੇ ’ਚ ਟਕਰਾਅ ਵਧਣ ਤੋਂ ਰੋਕਣ ਦੇ ਉਦੇਸ਼ ਨਾਲ ਮੱਧ ਪੂਰਬ ਦੇ ਦੋ ਰੋਜ਼ਾ ਦੌਰੇ ’ਤੇ ਇਜ਼ਰਾਈਲ ਪੁੱਜੇ ਸੂਨਕ ਨੇ ਮੁਲਕ ਦੇ ਆਗੂਆਂ ਨਾਲ ਗੱਲਬਾਤ ਕੀਤੀ। ਇਜ਼ਰਾਇਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਅਤੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨਾਲ ਮੀਟਿੰਗ ਮਗਰੋਂ ਸੂਨਕ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਲੋਕਾਂ ਨਾਲ ਡਟ ਕੇ ਖੜ੍ਹੇ ਹਨ ਅਤੇ ਚਾਹੁੰਦੇ ਹਨ ਕਿ ਜੰਗ ’ਚ ਇਜ਼ਰਾਈਲ ਜਿੱਤੇ। ਨੇਤਨਯਾਹੂ ਨੇ ਸੂਨਕ ਨੂੰ ਗਲਵਕੜੀ ’ਚ ਲਿਆ ਅਤੇ ਦੋਹਾਂ ਨੇ ਇਕ-ਦੂਜੇ ਨੂੰ ਦੋਸਤ ਵਜੋਂ ਸੰਬੋਧਨ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਇਜ਼ਰਾਈਲ ਆਮ ਨਾਗਰਿਕਾਂ ਦੀ ਰਾਖੀ ਲਈ ਪੂਰੀ ਇਹਤਿਆਤ ਵਰਤ ਰਿਹਾ ਹੈ। ਉਨ੍ਹਾਂ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਵੀ ਜਤਾਈ। ਸੂਨਕ ਇਸ ਮਗਰੋਂ ਸਾਊਦੀ ਅਰਬ ਜਾਣਗੇ। ਜ਼ਿਕਰਯੋਗ ਹੈ ਕਿ ਦਹਿਸ਼ਤੀ ਜਥੇਬੰਦੀ ਹਮਾਸ ਵੱਲੋਂ ਯਹੂਦੀ ਮੁਲਕ ਇਜ਼ਰਾਈਲ ’ਤੇ ਕੀਤੇ ਗਏ ਹਮਲੇ ’ਚ ਇੰਗਲੈਡ ਦੇ ਲੋਕ ਵੀ ਮਾਰੇ ਗਏ ਸਨ। -ਪੀਟੀਆਈ

Advertisement
×