ਜੀ-20 ਸੰਮੇਲਨ ਲਈ ਕੋਈ ਅਮਰੀਕੀ ਆਗੂ ਅਫਰੀਕਾ ਨਹੀਂ ਜਾਵੇਗਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਅਫਰੀਕਾ ’ਚ ਗੋਰੇ ਕਿਸਾਨਾਂ ਨਾਲ ਮਾੜਾ ਸਲੂਕ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਵਰ੍ਹੇ ਦੱਖਣੀ ਅਫ਼ਰੀਕਾ ’ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ’ਚ ਅਮਰੀਕਾ ਦਾ ਕੋਈ ਆਗੂ ਹਿੱਸਾ ਨਹੀਂ ਲਵੇਗਾ।...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਅਫਰੀਕਾ ’ਚ ਗੋਰੇ ਕਿਸਾਨਾਂ ਨਾਲ ਮਾੜਾ ਸਲੂਕ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਵਰ੍ਹੇ ਦੱਖਣੀ ਅਫ਼ਰੀਕਾ ’ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ’ਚ ਅਮਰੀਕਾ ਦਾ ਕੋਈ ਆਗੂ ਹਿੱਸਾ ਨਹੀਂ ਲਵੇਗਾ। ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਦੱਖਣੀ ਅਫਰੀਕਾ ’ਚ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਨਹੀਂ ਲੈਣਗੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਖਿਆ, ‘‘ਇਹ ਬੇਹੱਦ ਸ਼ਰਮਨਾਕ ਹੈ ਕਿ ਜੀ-20 ਸਿਖਰ ਸੰਮੇਲਨ ਦੱਖਣੀ ਅਫ਼ਰੀਕਾ ’ਚ ਹੋਵੇਗਾ।
ਅਫਰੀਕਨਰਸ (ਉਹ ਲੋਕ ਜੋ ਡੱਚ ਪਰਵਾਸੀ ਅਤੇ ਫਰਾਂਸੀਸੀ ਤੇ ਜਰਮਨ ਪਰਵਾਸੀਆਂ ਦੇ ਪੁਰਖੇ ਹਨ) ਦੀ ਹੱਤਿਆ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਤੇ ਖੇਤਾਂ ’ਤੇ ਗ਼ੈਰਕਾਨੂੰਨੀ ਢੰਗ ਨਾਲ ਕਬਜ਼ੇ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਜਦੋਂ ਤੱਕ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਰਹੇਗਾ, ਅਮਰੀਕੀ ਸਰਕਾਰ ਦਾ ਕੋਈ ਵੀ ਆਗੂ ਸੰਮੇਲਨ ’ਚ ਹਿੱਸਾ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਉਹ 2026 ’ਚ ਮਿਆਮੀ ’ਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ। ਟਰੰਪ ਪ੍ਰਸ਼ਾਸਨ ਦੱਖਣੀ ਅਫ਼ਰੀਕੀ ਸਰਕਾਰ ’ਤੇ ਘੱਟਗਿਣਤੀ ਗੋਰੇ ਕਿਸਾਨਾਂ ਨਾਲ ਵਿਤਕਰਾ ਅਤੇ ਹਮਲੇ ਕਰਨ ਦੇ ਦੋਸ਼ ਲੰਬੇ ਸਮੇਂ ਤੋਂ ਲਗਾਉਂਦਾ ਆ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਜੀ-20 ਸਿਖਰ ਸੰਮੇਲਨ ਅਫ਼ਰੀਕੀ ਧਰਤੀ ’ਤੇ 22 ਤੋਂ 23 ਨਵੰਬਰ ਤੱਕ ਹੋਣ ਜਾ ਰਿਹਾ ਹੈ।
ਟਰੰਪ ਦੀ ਗ਼ੈਰ-ਹਾਜ਼ਰੀ ’ਚ ‘ਵਿਸ਼ਵਗੁਰੂ’ ਜੀ-20 ਸੰਮੇਲਨ ’ਚ ਜ਼ਰੂਰ ਜਾਵੇਗਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਹੁਣ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਅਫਰੀਕਾ ’ਚ ਜੀ-20 ਸਿਖਰ ਸੰਮੇਲਨ ’ਚ ਨਾ ਜਾਣ ਦਾ ਐਲਾਨ ਕਰ ਦਿੱਤਾ ਹੈ ਤਾਂ ‘ਅਖੌਤੀ ਵਿਸ਼ਵਗੁਰੂ’ ਉਥੇ ਜ਼ਰੂਰ ਜਾਵੇਗਾ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਕਦੇ ਨਾ ਕਦੀ, ਕਿਤੇ ਨਾ ਕਿਤੇ ਦੋਹਾਂ ਵਿਚਾਲੇ ਆਹਮੋ-ਸਾਹਮਣਾ ਜ਼ਰੂਰ ਹੋਵੇਗਾ।’’ ਇਸ ਤੋਂ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਮੋਦੀ ਨੇ ਕੁਆਲਾਲੰਪੁਰ ’ਚ ਆਸਿਆਨ ਸਿਖਰ ਸੰਮੇਲਨ ’ਚ ਇਸ ਲਈ ਹਾਜ਼ਰੀ ਨਹੀਂ ਭਰੀ ਸੀ ਕਿਉਂਕਿ ਉਹ ਟਰੰਪ ਨੂੰ ਮਿਲਣ ਤੋਂ ਬਚ ਰਹੇ ਹਨ। ਪ੍ਰਧਾਨ ਮੰਤਰੀ ਨੇ ਆਸਿਆਨ ਸਿਖਰ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕੀਤਾ ਸੀ। -ਪੀਟੀਆਈ

