ਨੇਪਾਲ ਦੇ ਤਿੰਨ ਨਵ-ਨਿਯੁਕਤ ਮੰਤਰੀਆਂ ਨੇ ਹਲਫ਼ ਲਿਆ
ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਵੱਲੋਂ ਨਿਯੁਕਤ ਤਿੰਨ ਮੰਤਰੀਆਂ ਨੂੰ ਅਹੁਦੇ ਦੀ ਹਲਫ਼ ਦਿਵਾਈ। ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕਾਰਕੀ (73) ਨੇ ਐਤਵਾਰ ਨੂੰ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਉਸੇ ਦਿਨ ਕੁਲਮਨ ਘੀਸਿੰਗ, ਰਾਮੇਸ਼ਵਰ ਖਨਾਲ ਅਤੇ ਓਮ ਪ੍ਰਕਾਸ਼ ਆਰੀਅਲ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਸੀ। ਇਨ੍ਹਾਂ ਤਿੰਨੋਂ ਮੰਤਰੀਆਂ ਦਾ ਸਹੁੰ ਚੁੱਕ ਸਮਾਰੋਹ ਇੱਥੇ ਅੱਜ ਮਹਾਰਾਜਗੰਜ ਖੇਤਰ ਵਿੱਚ ਸ਼ੀਤਲ ਨਿਵਾਸ ਸਥਿਤ ਰਾਸ਼ਟਰਪਤੀ ਦਫ਼ਤਰ ਵਿੱਚ ਕਰਵਾਇਆ ਗਿਆ। ਸਾਬਕਾ ਵਿੱਤ ਸਕੱਤਰ ਖਨਾਲ ਨੂੰ ਵਿੱਤ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ ਜਦਕਿ ਨੇਪਾਲ ਬਿਜਲੀ ਅਥਾਰਿਟੀ ਦੇ ਮੈਨੇਜਿੰਗ ਡਾਇਰੈਕਟਰ ਘੀਸਿੰਗ ਨੂੰ ਤਿੰਨ ਮੰਤਰਾਲੇ ਊਰਜਾ, ਜਲ ਸਰੋਤ ਤੇ ਸਿੰਜਾਈ ਅਤੇ ਭੌਤਿਕ ਢਾਂਚਾ ਤੇ ਟਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਦਾ ਕਾਰਜਭਾਰ ਸੰਭਾਲਿਆ ਗਿਆ ਹੈ। ਪੇਸ਼ੇ ਤੋਂ ਵਕੀਲ ਓਮ ਪ੍ਰਕਾਸ਼ ਆਰੀਅਲ ਨੇ ਗ੍ਰਹਿ ਮੰਤਰੀ ਤੇ ਕਾਨੂੰਨ, ਨਿਆਂ ਤੇ ਸੰਸਦ ਮਾਮਲਿਆਂ ਬਾਰੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਰੋਹ ਤੋਂ ਤੁਰੰਤ ਬਾਅਦ, ਮੰਤਰੀਆਂ ਨੇ ਆਪੋ-ਆਪਣੇ ਅਹੁਦੇ ਸੰਭਾਲ ਲਏ। ਸੋਸ਼ਲ ਮੀਡੀਆ ’ਤੇ ਪਾਬੰਦੀ ਅਤੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ‘ਜੈੱਨ ਜ਼ੀ’ ਸਮੂਹ ਦੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਮਗਰੋਂ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਪਿਛਲੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪੈਦਾ ਹੋਈ ਸਿਆਸੀ ਅਨਿਸ਼ਚਿਤਤਾ ਕਾਰਕੀ ਵੱਲੋਂ 12 ਸਤੰਬਰ ਨੂੰ ਸਹੁੰ ਚੁੱਕੇ ਜਾਣ ਦੇ ਨਾਲ ਹੀ ਖ਼ਤਮ ਹੋ ਗਈ ਸੀ।