Nepalese student's death in KIIT: ਉੜੀਸਾ ਦੀ ਯੂਨੀਵਰਸਿਟੀ ’ਚ ਨੇਪਾਲੀ ਵਿਦਿਆਰਥਣ ਦੀ ਮੌਤ ਮਾਮਲੇ ’ਚ ਨਿਰਪੱਖ ਜਾਂਚ ਹੋਵੇ: ਆਰਜ਼ੂ ਰਾਣਾ ਦਿਓਬਾ
ਨੇਪਾਲ ਦੀ ਵਿਦੇਸ਼ ਮੰਤਰੀ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਅਪੀਲ ਕੀਤੀ
Advertisement
ਕਾਠਮੰਡੂ, 22 ਫਰਵਰੀ
ਨੇਪਾਲ ਦੀ ਵਿਦੇਸ਼ ਮੰਤਰੀ ਆਰਜ਼ੂ ਰਾਣ ਦਿਓਬਾ ਨੇ ਉੜੀਸਾ ਦੀ ਇਕ ਯੂਨੀਵਰਸਿਟੀ ’ਚ ਇੱਕ ਨੇਪਾਲੀ ਵਿਦਿਆਰਥਣ ਪ੍ਰਕ੍ਰਿਤੀ ਲਮਸਾਲ ਦੀ ਮੌਤ ਦੀ ‘ਨਿਰਪੱਖ ਜਾਂਚ’ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇੰਜਨੀਅਰਿੰਗ ਦੀ 20 ਵਰ੍ਹਿਆਂ ਦੀ ਵਿਦਿਆਰਥਣ ਦੀ 16 ਫਰਵਰੀ ਨੂੰ ਕਥਿਤ ਖ਼ੁਦਕੁਸ਼ੀ ਮਗਰੋਂ ਨੇਪਾਲੀ ਵਿਦਿਆਰਥੀਆਂ ਨਾਲ ਬਦਸਲੂਕੀ ਕਰਨ ਵਾਲੇ Kalinga Institute of Industrial Technology (KIIT) ਦੇ ਮੁਅੱਤਲ ਸਟਾਫ਼ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਦਿਓਬਾ ਨੇ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਇਹ ਅਪੀਲ ਕੀਤੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਾਝੀ ਨੂੰ ਵਿਦਿਆਰਥਣ ਦੀ ਮੌਤ ਦੇ ਮਾਮਲੇ ਦੀ ‘ਨਿਰਪੱਖ ਜਾਂਚ’, ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਨੇਪਾਲੀ ਵਿਦਿਆਰਥੀਆਂ ਦੀਆਂ ਕਲਾਸਾਂ ਬਹਾਲ ਕਰਨ ਦੀ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਭਾਵੇਂ, ਨੇਪਾਲੀ ਵਿਦਿਆਰਥੀਆਂ ਨਾਲ ਬਦਸਲੂਕੀ ਕਰਨ ਵਾਲੇ ਕੇਆਈਆਈਟੀ ਦੇ ਸਟਾਫ ਤੇ ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਮੈਂ ਉਨ੍ਹਾਂ (ਮੁੱਖ ਮੰਤਰੀ) ਨੂੰ ਅਪੀਲ ਕੀਤੀ ਕਿ ਉਕਤ ਸਟਾਫ ਨੂੰ ਨੌਕਰੀ ਤੋਂ ਹਟਾਇਆ ਜਾਵੇ।
ਦਿਓਬਾ ਨੇ ਕਿਹਾ, ‘‘ਮੁੱਖ ਮੰਤਰੀ ਮਾਝੀ ਨੇ ਮੈਨੂੰ ਭਰੋਸਾ ਦਿੱਤਾ ਕਿ ਉੜੀਸਾ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਘਟਨਾ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਹੋਈ ਹੈ, ਜਿਹੜੀ ਪ੍ਰਕ੍ਰਿਤੀ ਲਮਸਾਲ ਨੂੰ ਨਿਆਂ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰ ਰਹੀ ਹੈ।’’ -ਪੀਟੀਆਈ
Advertisement
×