ਨੇਪਾਲ: ਗ਼ੈਰ-ਕਾਨੂੰਨੀ ਸੋਨਾ ਰੱਖਣ ਦੇ ਦੋਸ਼ ਹੇਠ ਨੌਂ ਭਾਰਤੀ ਗ੍ਰਿਫ਼ਤਾਰ
ਕਾਠਮੰਡੂ, 16 ਅਪਰੈਲ
ਨੇਪਾਲ ਪੁਲੀਸ ਨੇ ਬੁੱਧਵਾਰ ਨੂੰ ਕਾਠਮੰਡੂ ਮਹਾਂਨਗਰ ਦੇ ਵੱਖ-ਵੱਖ ਹਿੱਸਿਆਂ ਤੋਂ ਗੈਰ-ਕਾਨੂੰਨੀ ਸੋਨੇ ਅਤੇ ਚਾਂਦੀ ਦੇ ਵਪਾਰ ਵਿੱਚ ਸ਼ਾਮਲ ਨੌਂ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਨੇਪਾਲ ਪੁਲੀਸ ਬੁਲੇਟਿਨ ਅਨੁਸਾਰ, ਇੱਕ ਗੁਪਤ ਜਾਣਕਾਰੀ ਦੇ ਆਧਾਰ 'ਤੇ ਪੁਲੀਸ ਨੇ ਕਾਠਮੰਡੂ ਦੇ ਵੱਖ-ਵੱਖ ਸੋਨੇ ਦੇ ਸੋਧਕ ਕੇਂਦਰਾਂ 'ਤੇ ਛਾਪੇ ਮਾਰੇ ਅਤੇ ਮੁਲਜ਼ਮਾਂ ਤੋਂ 1.76 ਕਿਲੋਗ੍ਰਾਮ ਸੋਨਾ ਅਤੇ 18.45 ਕਿਲੋਗ੍ਰਾਮ ਚਾਂਦੀ ਬਰਾਮਦ ਕੀਤੀ। ਪੁਲੀਸ ਨੇ ਉਨ੍ਹਾਂ ਕੋਲੋਂ 1.7 ਕਰੋੜ ਦੀ ਨੇਪਾਲੀ ਕਰੰਸੀ ਅਤੇ 11,700 ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਕਾਠਮੰਡੂ ਜ਼ਿਲ੍ਹਾ ਪੁਲੀਸ ਸਰਕਲ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲ ਇਸ ਸਾਮਾਨ ਦੇ ਬਿੱਲ ਜਾਂ ਦਸਤਾਵੇਜ਼ ਨਹੀਂ ਸਨ। ਇਸ ਅਨੁਸਾਰ, ਨਵਨਾਥ ਬਾਕੂ ਕਾਸੀ (30 ਸਾਲ) ਵੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹੈ। ਇਹ ਸਾਰੇ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਕਾਠਮੰਡੂ ਵਿੱਚ ਰਹਿ ਰਹੇ ਹਨ। ਬੁਲੇਟਿਨ ਅਨੁਸਾਰ, ਸਾਰੇ ਮੁਲਜ਼ਮਾਂ ਦੀ ਉਮਰ 18 ਤੋਂ 38 ਸਾਲ ਦਰਮਿਆਨ ਹੈ।