Nepal hit by three quakes: ਨੇਪਾਲ ਵਿੱਚ 5.9 ਤੀਬਰਤਾ ਵਾਲਾ ਭੂਚਾਲ; ਕੋਈ ਜਾਨੀ ਨੁਕਸਾਨ ਨਹੀਂ
ਕਾਠਮੰਡੂ, 8 ਮਾਰਚ
A 5.9 magnitude earthquake was recorded at 2.35 pm: ਨੇਪਾਲ ਵਿੱਚ ਅੱਜ ਤਿੰਨ ਭੂਚਾਲ ਆਏ। ਇਨ੍ਹਾਂ ਵਿਚੋਂ ਇੱਕ ਤਿੱਬਤ ਦੀ ਸਰਹੱਦ ਨਾਲ ਲੱਗਦੇ ਪੂਰਬੀ ਨੇਪਾਲ ਦੇ ਖੇਤਰਾਂ ਵਿੱਚ ਦੁਪਹਿਰ ਵੇਲੇ ਆਇਆ ਜਿਸ ਦੀ ਤੀਬਰਤਾ ਰਿਕਟਰ ਸਕੇਲ ’ਤੇ 5.9 ਦਰਜ ਕੀਤੀ ਗਈ ਜਦਕਿ ਪੱਛਮੀ ਨੇਪਾਲ ਵਿੱਚ ਸਵੇਰੇ ਵੇਲੇ ਦੋ ਹਲਕੇ ਤੀਬਰਤਾ ਵਾਲੇ ਭੂਚਾਲ ਆਏ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ।
ਕੌਮੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ (ਐਨਈਐਮਆਰਸੀ) ਅਨੁਸਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ 2.35 ਵਜੇ 5.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਜਿਸ ਦਾ ਕੇਂਦਰ ਤਿੱਬਤ ਦੇ ਡਿੰਗਗੇ ਕਾਉਂਟੀ ਵਿੱਚ ਸਥਿਤ ਸੀ, ਜੋ ਪੂਰਬੀ ਨੇਪਾਲ ਦੇ ਤਾਪਲੇਜੰਗ ਜ਼ਿਲ੍ਹੇ ਤੋਂ ਲਗਪਗ 140 ਕਿਲੋਮੀਟਰ ਉੱਤਰ ਵਿੱਚ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਕਾਠਮੰਡੂ ਅਤੇ ਪੂਰਬੀ ਨੇਪਾਲ ਦੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਐਨਈਐਮਆਰਸੀ ਨੇ ਦੱਸਿਆ ਕਿ ਸਵੇਰੇ 6.20 ਵਜੇ ਕਾਠਮੰਡੂ ਤੋਂ ਲਗਪਗ 300 ਕਿਲੋਮੀਟਰ ਦੂਰ ਬਾਗਲੁੰਗ ਜ਼ਿਲ੍ਹੇ ਦੇ ਖੁਖਾਨੀ ਵਿਖੇ 4.1 ਤੀਬਰਤਾ ਦਾ ਭੂਚਾਲ ਆਇਆ, ਜਦੋਂ ਕਿ 4.0 ਤੀਬਰਤਾ ਦਾ ਇੱਕ ਹੋਰ ਭੂਚਾਲ ਬਾਗਲੁੰਗ ਤੋਂ ਲਗਪਗ 40 ਕਿਲੋਮੀਟਰ ਦੂਰ ਮੂਰੀ ਖੇਤਰ ਵਿੱਚ ਮਿਆਗਦੀ ਜ਼ਿਲ੍ਹੇ ਵਿੱਚ ਸਵੇਰੇ 3.14 ਵਜੇ ਰਿਕਾਰਡ ਕੀਤਾ ਗਿਆ। ਨੇਪਾਲ ਭੂਚਾਲ ਦੇ ਖਤਰੇ ਵਾਲੇ ਜ਼ੋਨ ਵਿਚ ਸਥਿਤ ਹੈ ਤੇ ਇੱਥੇ ਪਿਛਲੇ ਮਹੀਨਿਆਂ ਵਿਚ ਕਈ ਭੂਚਾਲ ਆ ਚੁੱਕੇ ਹਨ।