ਨਾਟੋ (ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ) ਨੇ ਯੂਕਰੇਨ ਨੂੰ ਹਥਿਆਰਾਂ ਦੀ ਨਿਯਮਤ ਸਪਲਾਈ ਲਈ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਨੈਦਰਲੈਂਡਜ਼ ਨੇ ਯੂਕਰੇਨ ਵਾਸਤੇ ਹਵਾਈ ਰੱਖਿਆ ਉਪਕਰਨ, ਗੋਲਾ ਬਾਰੂਦ ਅਤੇ ਹੋਰ ਫੌਜੀ ਸਹਾਇਤਾ ਲਈ 50 ਕਰੋੜ ਯੂਰੋ (ਲਗਪਗ 57.8 ਕਰੋੜ ਅਮਰੀਕੀ ਡਾਲਰ) ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਥਿਆਰ ਅਮਰੀਕਾ ਤੋਂ ਖਰੀਦੇ ਜਾਣਗੇ। ਇਸ ਮਹੀਨੇ ਦੋ ਖੇਪਾਂ ਆਉਣ ਦੀ ਆਸ ਹੈ। ਇਹ ਸਾਰੇ ਉਪਕਰਨ ਜੰਗ ਦੇ ਮੈਦਾਨ ਵਿੱਚ ਯੂਕਰੇਨ ਦੀਆਂ ਜ਼ਰੂਰੀ ਲੋੜਾਂ ਅਨੁਸਾਰ ਤਿਆਰ ਕੀਤੇ ਗਏ ਹਨ। ਨਾਟੋ ਸਹਿਯੋਗੀ ਦੇਸ਼ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਪਤਾ ਲਗਾ ਕੇ ਅੱਗੇ ਭੇਜਣਗੇ।
ਨਾਟੋ ਨੇ ਦੇਰ ਰਾਤ ਕਿਹਾ, ‘‘ਪੈਕੇਜ ਤੇਜ਼ੀ ਨਾਲ ਤਿਆਰ ਕੀਤੇ ਜਾਣਗੇ ਅਤੇ ਨਿਯਮਤ ਤੌਰ ’ਤੇ ਜਾਰੀ ਕੀਤੇ ਜਾਣਗੇ।’’ ਹਵਾਈ ਰੱਖਿਆ ਪ੍ਰਣਾਲੀਆਂ ਦੀ ਸਭ ਤੋਂ ਵੱਧ ਲੋੜ ਹੈ। ਸੰਯੁਕਤ ਰਾਸ਼ਟਰ ਨੇ ਦੱਸਿਆ ਹੈ ਕਿ ਰੂਸ ਵੱਲੋਂ ਸ਼ਹਿਰੀ ਖੇਤਰਾਂ ’ਤੇ ਲਗਾਤਾਰ ਹਮਲਿਆਂ ਕਾਰਨ 12,000 ਤੋਂ ਵੱਧ ਯੂਕਰੇਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਰੂਸ ਦੀ ਵੱਡੀ ਫੌਜ 1,000 ਕਿਲੋਮੀਟਰ ਦੀ ਲੰਬੀ ਸਰਹੱਦ ’ਤੇ ਹੌਲੀ ਪਰ ਭਾਰੀ ਨੁਕਸਾਨ ਦੇ ਨਾਲ ਅੱਗੇ ਵਧ ਰਹੀ ਹੈ। ਮੌਜੂਦਾ ਸਮੇਂ ਵਿੱਚ, ਉਹ ਪੂਰਬੀ ਸ਼ਹਿਰ ਪੋਕਰੋਵਸਕ ’ਤੇ ਕਬਜ਼ਾ ਕਰਨ ਦੀ ਮੁਹਿੰਮ ਚਲਾ ਰਹੇ ਹਨ ਜੋ ਕਿ ਇੱਕ ਮਹੱਤਵਪੂਰਨ ਕੇਂਦਰ ਹੈ। ਇਸ ਸ਼ਹਿਰ ਦੇ ਡਿੱਗਣ ਨਾਲ ਉਹ ਯੂਕਰੇਨ ਦੇ ਅੰਦਰ ਤੱਕ ਹੋਰ ਅੱਗੇ ਜਾ ਸਕਦੇ ਹਨ। ਉੱਧਰ, ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਾਅਵਾ ਕੀਤਾ ਹੈ ਕਿ ਕਿ ਰੂਸੀ ਫੌਜਾਂ ਨੇ ਯੂਕਰੇਨ ਦੇ ਪੂਰਬੀ-ਮੱਧ ਦਿਨਪ੍ਰੋਪੈਤਰੋਵਸਕ ਖੇਤਰ ਦੇ ਪਿੰਡ ਸਿਚਨੇਵ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਯੂਰਪੀ ਸਹਿਯੋਗੀ ਦੇਸ਼ ਅਤੇ ਕੈਨੇਡਾ ਜ਼ਿਆਦਾਤਰ ਸਾਜੋ-ਸਾਮਾਨ ਅਮਰੀਕਾ ਤੋਂ ਖਰੀਦ ਰਹੇ ਹਨ, ਕਿਉਂਕਿ ਅਮਰੀਕਾ ਕੋਲ ਤਿਆਰ ਫੌਜੀ ਸਾਮਾਨ ਦਾ ਵੱਡਾ ਭੰਡਾਰ ਹੈ ਅਤੇ ਵਧੇਰੇ ਪ੍ਰਭਾਵਸ਼ਾਲੀ ਹਥਿਆਰ ਵੀ ਹਨ। ਟਰੰਪ ਪ੍ਰਸ਼ਾਸਨ ਯੂਕਰੇਨ ਨੂੰ ਕੋਈ ਹਥਿਆਰ ਨਹੀਂ ਦੇ ਰਿਹਾ ਹੈ। ਨਵੀਆਂ ਡਿਲਿਵਰੀਆਂ ਫੌਜੀ ਸਾਜੋ-ਸਾਮਾਨ ਦੇ ਹੋਰ ਵਾਅਦਿਆਂ ਤੋਂ ਇਲਾਵਾ ਹੋਣਗੀਆਂ। ਕੀਲ ਇੰਸਟੀਚਿਊਟ ਜੋ ਕਿ ਯੂਕਰੇਨ ਨੂੰ ਪਹੁੰਚਾਈ ਜਾਂਦੀ ਸਹਾਇਤਾ ਨੂੰ ਟਰੈਕ ਕਰਦਾ ਹੈ, ਦਾ ਅਨੁਮਾਨ ਹੈ ਕਿ ਯੂਰੋਪੀ ਦੇਸ਼ਾਂ ਨੇ ਫਰਵਰੀ 2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ ਜੂਨ ਤੱਕ ਯੂਕਰੇਨ ਨੂੰ 72 ਅਰਬ ਯੂਰੋ (83 ਅਰਬ ਅਮਰੀਕੀ ਡਾਲਰ) ਦੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ।
‘ਯੂਕਰੇਨ ਲਈ ਮਹੱਤਵਪੂਰਨ ਨੇ ਅਮਰੀਕੀ ਹਵਾਈ ਰੱਖਿਆ ਪ੍ਰਣਾਲੀਆਂ’
ਡੱਚ ਰੱਖਿਆ ਮੰਤਰੀ ਰੂਬੇਨ ਬ੍ਰੇਕਲਮੈਨਸ ਨੇ ਕਿਹਾ ਕਿ ਖਾਸ ਤੌਰ ’ਤੇ ਅਮਰੀਕੀ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਗੋਲਾ ਬਾਰੂਦ, ਯੂਕਰੇਨ ਲਈ ਆਪਣਾ ਬਚਾਅ ਕਰਨ ਵਾਸਤੇ ਬਹੁਤ ਮਹੱਤਵਪੂਰਨ ਹਨ। ਡਿਲਿਵਰੀ ਦਾ ਐਲਾਨ ਕਰਦਿਆਂ ਅੱਜ ਉਨ੍ਹਾਂ ਕਿਹਾ ਕਿ ਰੂਸ ਦੇ ਹਮਲੇ ਪੂਰੀ ਤਰ੍ਹਾਂ ਦਹਿਸ਼ਤੀ ਹਨ, ਜਿਨ੍ਹਾਂ ਦਾ ਉਦੇਸ਼ ਯੂਕਰੇਨ ਨੂੰ ਤੋੜਨਾ ਹੈ। ਜਰਮਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਨੂੰ ਦੋ ਹੋਰ ਪੈਟ੍ਰੀਆਟ ਹਵਾਈ ਰੱਖਿਆ ਪ੍ਰਣਾਲੀਆਂ ਦੀ ਸਪਲਾਈ ਕਰੇਗਾ।