ਮਿਆਂਮਾਰ ’ਚ ਅਫੀਮ ਦੀ ਖੇਤੀ ਬੀਤੇ ਇਕ ਦਹਾਕੇ ’ਚ ਐਤਕੀਂ ਸਭ ਤੋਂ ਵਧ ਹੋਈ ਹੈ। ਸੰਯੁਕਤ ਰਾਸ਼ਟਰ ਦੇ ਸਰਵੇਖਣ ਮੁਤਾਬਕ ਖਾਨਾਜੰਗੀ ਨਾਲ ਜੂਝ ਰਿਹਾ ਮੁਲਕ ਗ਼ੈਰ-ਕਾਨੂੰਨੀ ਨਸ਼ੇ ਦੇ ਮਾਮਲੇ ’ਚ ਦੁਨੀਆ ਦੇ ਪ੍ਰਮੁੱਖ ਸਪਲਾਇਰਾਂ ’ਚੋਂ ਇਕ ਬਣ ਗਿਆ ਹੈ। ਤਾਲਿਬਾਨ ਨੇ 2021 ’ਚ ਅਫ਼ਗਾਨਿਸਤਾਨ ਦੀ ਕਮਾਨ ਸੰਭਾਲਣ ਮਗਰੋਂ ਮੁਲਕ ’ਚ ਅਫੀਮ ’ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਮਗਰੋਂ ਮਿਆਂਮਾਰ ਗ਼ੈਰ-ਕਾਨੂੰਨੀ ਨਸ਼ੇ ਦਾ ਵੱਡਾ ਸਰੋਤ ਬਣ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਨਸ਼ਿਆਂ ਅਤੇ ਅਪਰਾਧਾਂ ਬਾਰੇ ਦਫ਼ਤਰ ਵੱਲੋਂ ਬੁੱਧਵਾਰ ਨੂੰ ਜਾਰੀ ਮਿਆਂਮਾਰ ਅਫੀਮ ਸਰਵੇਖਣ-2025 ’ਚ ਖ਼ੁਲਾਸਾ ਹੋਇਆ ਕਿ ਅਫੀਮ ਦੀ ਖੇਤੀ ਦਾ ਰਕਬਾ 2024 ਤੋਂ 17 ਫ਼ੀਸਦੀ ਵਧ ਕੇ 53,100 ਹੈਕਟੇਅਰ (131,212 ਏਕੜ) ਹੋ ਗਿਆ ਹੈ ਜੋ 2015 ਮਗਰੋਂ ਸਭ ਤੋਂ ਵੱਡਾ ਰਕਬਾ ਹੈ। ਸਰਵੇਖਣ ’ਚ ਇਹ ਵੀ ਦੱਸਿਆ ਗਿਆ ਹੈ ਕਿ ਮਿਆਂਮਾਰ ਮੈਥਾਮਫੇਟਾਮਾਈਨ ਦਾ ਦੁਨੀਆ ’ਚ ਸਭ ਤੋਂ ਵੱਡਾ ਉਤਪਾਦਕ ਵੀ ਹੈ।
ਮਿਆਂਮਾਰ ’ਚ ਅਫੀਮ ਪੈਦਾਵਾਰ ’ਚ ਵਾਧੇ ਦਾ ਅਹਿਮ ਕਾਰਨ ਅਫੀਮ ਦੀਆਂ ਵਧ ਰਹੀਆਂ ਕੀਮਤਾਂ ਵੀ ਹਨ। ਤਾਜ਼ੀ ਅਫੀਮ ਹੁਣ ਲਗਭਗ 329 ਡਾਲਰ ਪ੍ਰਤੀ ਕਿਲੋ ਮਿਲ ਰਹੀ ਹੈ ਜੋ 2019 ਦੇ 145 ਡਾਲਰ ਦੇ ਭਾਅ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ। ਰਿਪੋਰਟ ਮੁਤਾਬਕ ਮਿਆਂਮਾਰ ਦਾ ਅਫੀਮ ’ਤੇ ਆਧਾਰਿਤ ਅਰਥਚਾਰਾ ਕਰੀਬ 64.1 ਕਰੋੜ ਡਾਲਰ ਤੋਂ 1.05 ਅਰਬ ਡਾਲਰ ਤੱਕ ਦਾ ਹੈ ਜੋ ਦੇਸ਼ ਦੀ 2024 ਦੀ ਜੀ ਡੀ ਪੀ ਦਾ ਲਗਭਗ 0.9 ਫ਼ੀਸਦੀ ਤੋਂ 1.4 ਫ਼ੀਸਦ ਹੈ।

