ਯੂਐਨ ’ਚ ਪੱਕੀ ਸੀਟ ਲਈ ਮਸਕ ਵੱਲੋਂ ਭਾਰਤ ਦੀ ਹਮਾਇਤ
ਨਿਊਯਾਰਕ, 23 ਜਨਵਰੀ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਅੱਜ ਕਿਹਾ ਕਿ ਧਰਤੀ ’ਤੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਭਾਰਤ ਦੀ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਸਥਾਈ ਸੀਟ ਨਾ ਹੋਣਾ ‘ਬੇਤੁਕਾ’ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਸ ਸੰਗਠਨ ਦੇ ਪੁਨਰਗਠਨ...
ਨਿਊਯਾਰਕ, 23 ਜਨਵਰੀ
ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਅੱਜ ਕਿਹਾ ਕਿ ਧਰਤੀ ’ਤੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਭਾਰਤ ਦੀ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਸਥਾਈ ਸੀਟ ਨਾ ਹੋਣਾ ‘ਬੇਤੁਕਾ’ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਸ ਸੰਗਠਨ ਦੇ ਪੁਨਰਗਠਨ ਦਾ ਸੱਦਾ ਦਿੱਤਾ। ‘ਟੈਸਲਾ’ ਸੀਈਓ ਦੀਆਂ ਇਹ ਟਿੱਪਣੀਆਂ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਦੇ ਬਿਆਨਾਂ ਤੋਂ ਬਾਅਦ ਆਈਆਂ ਹਨ। ਗੁਟੇਰੇਜ਼ ਨੇ ਪਰਿਸ਼ਦ ’ਚ ਪੱਕੇ ਮੈਂਬਰ ਵਜੋਂ ਕਿਸੇ ਅਫਰੀਕੀ ਮੁਲਕ ਦੇ ਨਾ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਗੁਟੇਰੇਜ਼ ਨੇ ‘ਐਕਸ’ (ਪਹਿਲਾਂ ਟਵਿੱਟਰ), ਜਿਸ ਦਾ ਮਾਲਕ ਮਸਕ ਹੈ, ਉਤੇ ਲਿਖਿਆ, ‘ਇਹ ਗੱਲ ਅਸੀਂ ਕਿਵੇਂ ਸਵੀਕਾਰ ਕਰ ਸਕਦੇ ਹਾਂ ਕਿ ਅਫਰੀਕਾ ਕੋਲ ਹਾਲੇ ਤੱਕ ਸਲਾਮਤੀ ਪਰਿਸ਼ਦ ਵਿਚ ਸਥਾਈ ਮੈਂਬਰਸ਼ਿਪ ਨਹੀਂ ਹੈ? ਸੰਸਥਾਵਾਂ ਸੰਸਾਰ ਦੀ ਅਜੋਕੀ ਸਥਿਤੀ ਮੁਤਾਬਕ ਹੋਣੀਆਂ ਚਾਹੀਦੀਆਂ ਹਨ, ਨਾ ਕਿ 80 ਸਾਲ ਪਹਿਲਾਂ ਵਾਲੀਆਂ ਸਥਿਤੀਆਂ ਮੁਤਾਬਕ।’ ਉਨ੍ਹਾਂ ਕਿਹਾ ਕਿ ਸੰਗਠਨ ਦਾ ਸਤੰਬਰ ਦਾ ਸੰਮੇਲਨ ਆਲਮੀ ਪ੍ਰਸ਼ਾਸਕੀ ਸੁਧਾਰਾਂ ਤੇ ਭਰੋਸੇ ਨੂੰ ਮੁੜ ਤੋਂ ਉਸਾਰਨ ਦਾ ਮੌਕਾ ਦੇਵੇਗਾ’। ਗੁਟੇਰੇਜ਼ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਦੇ ਜੰਮਪਲ ਇਜ਼ਰਾਇਲੀ ਕਾਰੋਬਾਰੀ ਮਾਈਕਲ ਆਈਜ਼ਨਬਰਗ ਨੇ ਭਾਰਤ ਦੀ ਨੁਮਾਇੰਦਗੀ ਦਾ ਮੁੱਦਾ ਉਭਾਰਿਆ। ਮਗਰੋਂ ਮਸਕ ਵੀ ਇਸ ਚਰਚਾ ਵਿਚ ਸ਼ਾਮਲ ਹੋ ਗਏ ਤੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਵਰਤਮਾਨ ਢਾਂਚਾ ਆਬਾਦੀ ਪੱਖੋਂ ਦੁਨੀਆ ਦੇ ਸਭ ਤੋਂ ਵੱਡੇ ਮੁਲਕ ਨੂੰ ਢੁੱਕਵੀਂ ਥਾਂ ਨਹੀਂ ਦੇ ਰਿਹਾ। -ਪੀਟੀਆਈ