DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਸਕ ਵੱਲੋਂ ਟਰੰਪ ਖ਼ਿਲਾਫ਼ ਪਾਈਆਂ ਪੋਸਟਾਂ ’ਤੇ ਅਫ਼ਸੋਸ ਜ਼ਾਹਰ

ਅਮਰੀਕੀ ਰਾਸ਼ਟਰਪਤੀ ਅਤੇ ਕਾਰੋਬਾਰੀ ਦਰਮਿਆਨ ਮੁੜ ਸੁਧਰ ਸਕਦੇ ਨੇ ਰਿਸ਼ਤੇ
  • fb
  • twitter
  • whatsapp
  • whatsapp
Advertisement

ਵਾਸ਼ਿੰਗਟਨ, 11 ਜੂਨ

ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਅੱਜ ਕਿਹਾ ਕਿ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਪਾਈਆਂ ਕੁਝ ਪੋਸਟਾਂ ’ਤੇ ਉਨ੍ਹਾਂ ਨੂੰ ਅਫ਼ਸੋਸ ਹੈ ਕਿਉਂਕਿ ਇਨ੍ਹਾਂ ਵਿਚ ਉਹ ‘ਬਹੁਤ ਅਗਾਂਹ’ ਲੰਘ ਗਏ ਸਨ। ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਸੋਸ਼ਲ ਮੀਡੀਆ ’ਤੇ ਇਕ-ਦੂਜੇ ਦੇ ਅਪਮਾਨ ਤੋਂ ਬਾਅਦ ਮਸਕ ਨਾਲ ਉਨ੍ਹਾਂ ਦੇ ਰਿਸ਼ਤੇ ਖ਼ਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿਚ ਟੈਸਲਾ ਅਤੇ ਸਪੇਸਐਕਸ ਦੇ ਸੀਈਓ ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖ਼ਰਚ ਬਿੱਲ ਨੂੰ ‘ਘਿਣਾਉਣੀ ਕਾਰਵਾਈ’ ਕਰਾਰ ਦਿੱਤਾ ਸੀ। ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦੀਆਂ ਆਪਣੀਆਂ ਕੁਝ ਪੋਸਟਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਵਿੱਚ ਰਾਸ਼ਟਰਪਤੀ ’ਤੇ ਮਹਾਦੋਸ਼ ਦਾ ਮੁਕੱਦਮਾ ਚਲਾਉਣ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਪੋਸਟ ਵੀ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਉਸ ਦਾ ਗੁੱਸਾ ਹੁਣ ਘੱਟ ਗਿਆ ਹੈ ਅਤੇ ਉਹ ਟਰੰਪ ਨਾਲ ਸਬੰਧਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਉਂਝ ਮਸਕ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਖਾਸ ਪੋਸਟਾਂ ਬਾਰੇ ਉਹ ਗੱਲ ਕਰ ਰਿਹਾ ਹੈ। ਮਸਕ ਦੀ ਪੋਸਟ ਤੋਂ ਬਾਅਦ ਫਰੈਂਕਫਰਟ ਵਿੱਚ ਟੈਸਲਾ ਦੇ ਸ਼ੇਅਰ 2.7 ਫ਼ੀਸਦ ਚੜ੍ਹ ਗਏ। ਬਾਜ਼ਾਰ ਦੇ ਕੁਝ ਵਿਸ਼ਲੇਸ਼ਕ ਇਸ ਘਟਨਾਕ੍ਰਮ ਨੂੰ ਮਸਕ ਅਤੇ ਟਰੰਪ ਵਿਚਕਾਰ ਸਬੰਧਾਂ ’ਚ ਮੁੜ ਤੋਂ ਸੁਧਾਰ ਵਜੋਂ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਜੇ ਮਸਕ ਫੋਨ ਕਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। -ਰਾਇਟਰਜ਼

Advertisement

ਟੈਸਲਾ ਦੀ ਰੋਬੋਟੈਕਸੀ ਸੇਵਾ 22 ਤੋਂ ਆਸਟਿਨ ’ਚ ਹੋ ਸਕਦੀ ਹੈ ਸ਼ੁਰੂ

ਆਸਟਿਨ: ਕਾਰੋਬਾਰੀ ਐਲਨ ਮਸਕ ਨੇ ਕਿਹਾ ਹੈ ਕਿ ਟੈਸਲਾ 22 ਜੂਨ ਤੋਂ ਟੈਕਸਸ ਸੂਬੇ ਦੇ ਆਸਟਿਨ ਸ਼ਹਿਰ ’ਚ ਆਪਣੀ ਰੋਬੋਟੈਕਸੀ ਸੇਵਾ ਸ਼ੁਰੂ ਕਰ ਸਕਦੀ ਹੈ। ਉਂਝ ਮਸਕ ਨੇ ਕਿਹਾ ਕਿ ਇਸ ਦੀ ਤਰੀਕ ਬਦਲ ਸਕਦੀ ਹੈ ਕਿਉਂਕਿ ਟੈਸਲਾ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹੈ। ਨਿਵੇਸ਼ਕ ਅਤੇ ਵਾਲ ਸਟਰੀਟ ਵਿਸ਼ਲੇਸ਼ਕ ਡਰਾਈਵਰ ਰਹਿਤ ਟੈਕਸੀ ਸ਼ੁਰੂ ਹੋਣ ਨੂੰ ਲੈ ਕੇ ਉਤਸ਼ਾਹਿਤ ਹਨ ਕਿਉਂਕਿ ਟੈਸਲਾ ਦੇ ਮਾਲਕ ਮਸਕ ਨੇ ਇਸ ਸਾਲ ਦੇ ਸ਼ੁਰੂ ’ਚ ਕਿਹਾ ਸੀ ਕਿ ਇਹ ਸੇਵਾ ਜੂਨ ’ਚ ਆਸਟਿਨ ਤੋਂ ਸ਼ੁਰੂ ਹੋਵੇਗੀ। ਪਿਛਲੇ ਮਹੀਨੇ ਮਸਕ ਨੇ ‘ਸੀਐੱਨਬੀਸੀ’ ਚੈਨਲ ਨੂੰ ਦੱਸਿਆ ਸੀ ਕਿ ਸ਼ਹਿਰ ਦੇ ਕੁਝ ਖਾਸ ਇਲਾਕਿਆਂ ’ਚ ਰੋਬੋਟੈਕਸੀ ਨੂੰ ਚਲਾਇਆ ਜਾਵੇਗਾ ਜਿਥੇ ਉਨ੍ਹਾਂ ਦੀ ਨਿਗਰਾਨੀ ਕਰਨਾ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਮਸਕ ਨੇ ਕਿਹਾ ਕਿ ਉਹ ਸ਼ੁਰੂ ’ਚ 10 ਜਾਂ ਇਸ ਤੋਂ ਵੱਧ ਅਜਿਹੀਆਂ ਟੈਕਸੀਆਂ ਚਲਾਉਣ ਦੀ ਉਮੀਦ ਕਰ ਰਹੇ ਹਨ। ਬਾਅਦ ’ਚ ਇਹ ਸੇਵਾ ਲਾਸ ਏਂਜਲਸ, ਸਾਂ ਐਂਟੋਨੀਓ, ਸਾਂ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ’ਚ ਵੀ ਸ਼ੁਰੂ ਕੀਤੀ ਜਾਵੇਗੀ। -ਏਪੀ

Advertisement
×