ਭਾਰਤੀ ਮੂਲ ਦੇ ਮੈਨੇਜਰ ਦੀ ਹੱਤਿਆ ਟਾਲੀ ਜਾ ਸਕਦੀ ਸੀ: ਏਜੰਸੀ
ਅਮਰੀਕਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਡੱਲਾਸ ਵਿੱਚ ਭਾਰਤੀ ਮੂਲ ਦੇ ਹੋਟਲ ਮੈਨੇਜਰ ਦੀ ਬੇਰਹਿਮੀ ਨਾਲ ਹੱਤਿਆ ਦੀ ਘਟਨਾ ਕਦੇ ਨਾ ਵਾਪਰਦੀ, ਜੇ ਪਿਛਲੇ ਬਾਇਡਨ ਪ੍ਰਸ਼ਾਸਨ ਨੇ ਦੋਸ਼ੀ ਨੂੰ ਰਿਹਾਅ ਨਾ ਕੀਤਾ ਹੁੰਦਾ। ਅਮਰੀਕਾ ਦੀ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਨੇ ਸੋਮਵਾਰ ਨੂੰ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਕਿਊਬਾ ਤੋਂ ਆਏ ਗੈਰ-ਕਾਨੂੰਨੀ ਪਰਵਾਸੀ ਨੇ ਹੋਟਲ ਮੈਨੇਜਰ ਦੀ ਉਸਦੇ ਪਰਿਵਾਰ ਸਾਹਮਣੇ ਹੱਤਿਆ ਕਰ ਦਿੱਤੀ। ਕਿਊਬਾ ਨੇ ਦੋਸ਼ੀ ਠਹਿਰਾਏ ਗਏ ਇਸ ਅਪਰਾਧੀ ਨੂੰ ਸਵੀਕਾਰਨ ਤੋਂ ਨਾਂਹ ਕਰ ਦਿੱਤੀ। ਇਸ ਲਈ ਬਾਇਡਨ ਪ੍ਰਸ਼ਾਸਨ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਹਫ਼ਤਾ ਪਹਿਲਾਂ ਉਸਨੂੰ ਅਮਰੀਕਾ ਦੀਆਂ ਸੜਕਾਂ ’ਤੇ ਛੱਡ ਦਿੱਤਾ।’’ ਡਾਊਨਟਾਊਨ ਸੂਟਸ ਮੋਟਲ ਵਿੱਚ ਚੰਦਰ ਨਾਗਮਲੱਈਆ (50) ਦੀ ਉਸਦੇ ਸਹਿਯੋਗੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨੇ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਹੱਤਿਆ ਕਰ ਦਿੱਤੀ ਸੀ। ਕੋਬੋਸ-ਮਾਰਟੀਨੇਜ਼ (37) ਕਿਊਬਾ ਦਾ ਨਾਗਰਿਕ ਹੈ ਅਤੇ ਉਸਦਾ ਅਪਰਾਧਿਕ ਹਿੰਸਾ ਦਾ ਰਿਕਾਰਡ ਹੈ।