ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ’ਤੇ ਤਿੱਖਾ ਹਮਲਾ ਕਰਦਿਆਂ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਦਮਨਕਾਰੀ ਤਾਨਾਸ਼ਾਹ ਅਤੇ ਮਾਨਸਿਕ ਤੌਰ ’ਤੇ ਅਸਥਿਰ ਸ਼ਖ਼ਸ ਕਰਾਰ ਦਿੱਤਾ ਹੈ। 73 ਸਾਲਾ ਖ਼ਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ’ਚ ਬੰਦ ਹਨ।
ਇਮਰਾਨ ਖ਼ਾਨ ਦੇ ਅਧਿਕਾਰਤ ‘ਐਕਸ’ ਹੈਂਡਲ ’ਤੇ ਮੰਗਲਵਾਰ ਨੂੰ ਪਾਈ ਗਈ ਪੋਸਟ ਵਿੱਚ ਕਿਹਾ ਗਿਆ, ‘‘ਆਸਿਮ ਮੁਨੀਰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਦਮਨਕਾਰੀ ਤਾਨਾਸ਼ਾਹ ਅਤੇ ਮਾਨਸਿਕ ਤੌਰ ’ਤੇ ਅਸਥਿਰ ਸ਼ਖ਼ਸ ਹੈ। ਉਸ ਦੇ ਸ਼ਾਸਨ ਵਿੱਚ ਅੱਤਿਆਚਾਰ ਦੀ ਹੱਦ ਦੀ ਮਿਸਾਲ ਨਹੀਂ ਮਿਲਦੀ। ਸੱਤਾ ਦੇ ਲਾਲਚ ਵਿੱਚ ਮੁਨੀਰ ਕੁਝ ਵੀ ਕਰਨ ਲਈ ਤਿਆਰ ਹੈ।’’ ਉਨ੍ਹਾਂ ਇਸਲਾਮਾਬਾਦ ਵਿੱਚ ਸੁਰੱਖਿਆ ਮੁਲਾਜ਼ਮਾਂ ਵੱਲੋਂ ਸਿੱਧੀ ਗੋਲੀਬਾਰੀ ’ਚ ਆਪਣੀ ਪਾਰਟੀ ਦੇ ਕਾਰਕੁਨਾਂ ਦੀ ਮੌਤ ਅਤੇ ਮੁਰੀਦਕੇ ਵਿੱਚ ਤਹਿਰੀਕ-ਏ-ਲਬੈਕ ਪਾਕਿਸਤਾਨ ’ਤੇ ਪੁਲੀਸ ਦੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਤ੍ਰਾਸਦੀਆਂ ਸੱਤਾ ਦੇ ਅੰਨ੍ਹੇਵਾਹ ਇਸਤੇਮਾਲ ਦੀਆਂ ਸਭ ਤੋਂ ਵੱਡੀਆਂ ਉਦਾਹਰਨਾਂ ਹਨ। ਨਿਹੱਥੇ ਨਾਗਰਿਕਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਅਜਿਹੀ ਚੀਜ਼ ਹੈ ਜਿਸ ਦੀ ਕੋਈ ਸਭਿਅਕ ਸਮਾਜ ਕਲਪਨਾ ਵੀ ਨਹੀਂ ਕਰ ਸਕਦਾ। ਕਿਸੇ ਵੀ ਹੋਰ ਦੌਰ ’ਚ ਮਹਿਲਾਵਾਂ ਖ਼ਿਲਾਫ਼ ਅਜਿਹੀ ਕਰੂਰਤਾ ਨਹੀਂ ਦੇਖੀ ਗਈ।’’

