ਮੈਕਸਿਕੋ: ਮੀਂਹ ਨਾਲ ਸਬੰਧਤ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 41 ਹੋਈ
ਫ਼ੌਜ ਦੇ ਹਜ਼ਾਰਾਂ ਜਵਾਨ ਬਚਾਅ ਕਾਰਜਾਂ ’ਚ ਜੁਟੇ
ਮੈਕਸਿਕੋ ਦੇ ਕੇਂਦਰੀ ਅਤੇ ਦੱਖਣ-ਪੂਰਬੀ ਹਿੱਸਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 41 ਹੋ ਗਈ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫ਼ੌਜ ਦੇ ਹਜ਼ਾਰਾਂ ਜਵਾਨ ਬੰਦ ਸੜਕਾਂ ਤੋਂ ਮਲਬਾ ਹਟਾ ਕੇ ਲਾਪਤਾ ਲੋਕਾਂ ਨੂੰ ਬਚਾਉਣ ਵਿੱਚ ਜੁਟੇ ਹੋਏ ਹਨ।
ਪੋਜ਼ਾ ਰੀਕਾ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ। ਸ਼ੁੱਕਰਵਾਰ ਸਵੇਰੇ ਇਥੇ ਦੇ ਕੁੱਝ ਇਲਾਕਿਆਂ ਵਿੱਚ 12 ਫੁੱਟ ਤੱਕ ਪਾਣੀ ਭਰ ਗਿਆ। ਸ਼ਨਿਚਰਵਾਰ ਨੂੰ ਜਦੋਂ ਪਾਣੀ ਦਾ ਪੱਧਰ ਕੁੱਝ ਘਟਿਆ ਤਾਂ ਪਿੱਛੇ ਸਿਰਫ਼ ਤਬਾਹੀ ਦੇ ਨਿਸ਼ਾਨ ਬਚੇ ਸਨ। ਦਰੱਖਤਾਂ ਦੀਆਂ ਟਾਹਣੀਆਂ ’ਤੇ ਕਾਰਾਂ ਲਟਕ ਰਹੀਆਂ ਸਨ ਅਤੇ ਇੱਕ ਪਿਕਅੱਪ ਟਰੱਕ ਦੇ ਕੈਬਿਨ ਵਿੱਚ ਮਰਿਆ ਹੋਇਆ ਘੋੜਾ ਫਸਿਆ ਹੋਇਆ ਸੀ। ਇੱਥੇ ਵੇਰਾਕਰੂਜ਼ ਸੂਬੇ ਵਿੱਚ 6 ਤੋਂ 9 ਅਕਤੂਬਰ ਤੱਕ 540 ਮਿਲੀਮੀਟਰ (21 ਇੰਚ ਤੋਂ ਵੱਧ) ਮੀਂਹ ਪਿਆ ਹੈ। ਮੈਕਸਿਕੋ ਦੇ ਨੈਸ਼ਨਲ ਕੋਆਰਡੀਨੇਸ਼ਨ ਆਫ ਸਿਵਲ ਪ੍ਰੋਟੈਕਸ਼ਨ ਨੇ ਦੱਸਿਆ ਕਿ ਸ਼ਨਿਚਰਵਾਰ ਤੱਕ ਭਾਰੀ ਮੀਂਹ ਕਾਰਨ ਹਿਡਾਲਗੋ ਸੂਬੇ ਵਿੱਚ 16, ਪੁਏਬਲਾ ਸੂਬੇ ਵਿੱਚ 9 ਅਤੇ ਵੇਰਾਕਰੂਜ਼ ਸੂਬੇ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਹੈ।