DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਰਕ ਕਾਰਨੇ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਨੂੰ ਆਪਣਾ ਨੇਤਾ ਚੁਣਿਆ
  • fb
  • twitter
  • whatsapp
  • whatsapp
featured-img featured-img
ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ ਮਗਰੋਂ ਸੰਬੋਧਨ ਕਰਦੇ ਹੋਏ ਮਾਰਕ ਕਾਰਨੇ। -ਫੋਟੋ: ਰਾਇਟਰਜ਼
Advertisement

* ਅਮਰੀਕਾ ’ਤੇ ਜਵਾਬੀ ਟੈਰਿਫ ਲਾਉਣਾ ਜਾਰੀ ਰੱਖਣ ਦਾ ਕੀਤਾ ਐਲਾਨ

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 10 ਮਾਰਚ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੇ ਨੂੰ ਆਪਣਾ ਨੇਤਾ ਚੁਣਿਆ ਹੈ ਅਤੇ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ (ਟੈਕਸ) ਜੰਗ ਛੇੜੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕਾਰਨੇ ਨੇ ਵੀ ਅਮਰੀਕਾ ’ਤੇ ਜਵਾਬੀ ਟੈਰਿਫ ਲਾਉਣਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਕਾਰਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਕਾਰਨੇ ਕਿਸੇ ਵੇਲੇ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਉਹ ਸੰਸਦ ਮੈਂਬਰ ਨਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਬਣਨਗੇ। 1984 ’ਚ ਜਸਟਿਨ ਟਰੂਡੋ ਦੇ ਪਿਤਾ ਪੀਅਰ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣਨ ਵਾਲੇ ਜੌਹਨ ਟਰਨਰ ਵੀ ਅਹੁਦਾ ਸੰਭਾਲਣ ਵੇਲੇ ਸੰਸਦ ਮੈਂਬਰ ਨਹੀਂ ਸਨ। ਆਗੂ ਦੀ ਚੋਣ ਲਈ ਮਾਰਕ ਕਾਰਨੇ ਨੂੰ 85.9 ਫੀਸਦ ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਤੇ ਦੇਸ਼ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ 8 ਫੀਸਦ, ਸਾਬਕ ਮੰਤਰੀ ਕਰੀਨਾ ਗੋਲਡ ਨੂੰ 3.2 ਫੀਸਦ ਤੇ ਫਰੈਂਕ ਬੈਲਿਸ ਨੂੰ 3 ਫੀਸਦ ਵੋਟਾਂ ਨਾਲ ਸਬਰ ਕਰਨਾ ਪਿਆ। ਕਾਰਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਹਨ ਅਤੇ ਬੈਂਕ ਆਫ ਇੰਗਲੈਂਡ ਵਿੱਚ ਵੀ ਅਹਿਮ ਅਹੁਦਿਆਂ ’ਤੇ ਸੇਵਾ ਨਿਭਾਅ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮਹੱਤਵਪੂਰਨ ਅਹੁਦਿਆਂ ’ਤੇ ਰਹਿਣ ਕਰਕੇ ਉਹ ਦੇਸ਼ ਨੂੰ ਆਰਥਿਕ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਸਫਲ ਹੋਣਗੇ। ਆਰਥਿਕ ਮਾਹਿਰ ਵਜੋਂ ਮਸ਼ਹੂਰ ਕਾਰਨੇ ਨੇ ਚੋਣ ਜਿੱਤਣ ਤੋਂ ਬਾਅਦ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਜਿਹੇ ਮੌਕੇ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ, ਜਦੋਂ ਦੇਸ਼ ਚੁਫੇਰਿਓਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਨੀਤੀਆਂ ਅਤੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇਹ ਔਖਾ ਪੈਂਡਾ ਤੈਅ ਕਰ ਲੈਣਗੇ ਤੇ ਕੈਨੇਡਾ ਦੀ ਥਿੜਕੀ ਹੋਈ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੇ ਨਾਲ-ਨਾਲ ਇਸ ਨੂੰ ਮਜ਼ਬੂਤੀ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਉਦੋਂ ਤੱਕ ਜਵਾਬੀ ਟੈਰਿਫ ਲਾਗੂ ਰੱਖੇਗਾ, ਜਦੋਂ ਤੱਕ ਅਮਰੀਕਾ ਇਸ ਨੂੰ ਜਾਰੀ ਰੱਖਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਲੜਾਈ ਸ਼ੁਰੂ ਨਹੀਂ ਕੀਤੀ ਪਰ ਜਦੋਂ ਕੋਈ ਤੰਗ ਕਰਦਾ ਹੈ ਤਾਂ ਕੈਨੇਡਾ ਵਾਸੀ ਉਸ ਨੂੰ ਛੱਡਦੇ ਵੀ ਨਹੀਂ।’ ਉਨ੍ਹਾਂ ਕਿਹਾ, ‘ਅਮਰੀਕਾ ਕੈਨੇਡਾ ਨਹੀਂ ਹੈ ਅਤੇ ਕੈਨੇਡਾ ਕਦੇ ਵੀ ਕਿਸੇ ਵੀ ਰੂਪ ਵਿੱਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ।’ ਜਸਟਿਨ ਟਰੂਡੋ ਦੀ ਬੇਟੀ ਐਲਾ ਗ੍ਰੇਸ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ’ਤੇ ਮਾਣ ਹੈ।

ਐੱਨਡੀਪੀ ਤੇ ਕੰਜ਼ਰਵੇਟਿਵ ਆਗੂਆਂ ਨੇ ਦਿੱਤੀ ਵਧਾਈ

ਐੱਨਡੀਪੀ ਪ੍ਰਧਾਨ ਜਗਮੀਤ ਸਿੰਘ ਨੇ ਚੋਣ ਜਿੱਤਣ ’ਤੇ ਮਾਰਕ ਕਾਰਨੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਵੇਂ ਪ੍ਰਧਾਨ ਮੰਤਰੀ ਤੋਂ ਵੱਡੀਆਂ ਉਮੀਦਾਂ ਹਨ। ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਨੇ ਵੀ ਕਾਰਨੇ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਚਿਹਰੇ ਬਦਲ ਕੇ ਚੌਥੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਛੱਡ ਦੇਵੇ।

ਕਾਰਨੇ ਦੀਆਂ ਨੀਤੀਆਂ ’ਤੇ ਰਹੇਗੀ ਭਾਰਤ ਦੀ ਨਜ਼ਰ

ਟੋਰਾਂਟੋ (ਰਵੀਨ ਠੁਕਰਾਲ):

ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਮਾਰਕ ਕਾਰਨੇ ਨੂੰ ਘਰੇਲੂ ਤੇ ਕੌਮਾਂਤਰੀ ਪੱਧਰ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਰਨੇ ਦਾ ਤੁਰੰਤ ਧਿਆਨ ਘਰੇਲੂ ਮੁੱਦਿਆਂ ’ਤੇ ਹੋਵੇਗਾ ਪਰ ਕੀ ਉਨ੍ਹਾਂ ਦੇ ਆਉਣ ਅਤੇ ਜਸਟਿਨ ਟਰੂਡੋ ਦੇ ਜਾਣ ਮਗਰੋਂ ਭਾਰਤ ਨਾਲ ਕੈਨੇਡਾ ਦੇ ਤਣਾਅਪੂਰਨ ਸਬੰਧਾਂ ਵਿੱਚ ਸੁਧਾਰ ਹੋਵੇਗਾ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਕਾਰਨੇ ਦੀਆਂ ਨੀਤੀਆਂ ’ਤੇ ਭਾਰਤ ਦੀ ਨੇੜਿਓਂ ਨਜ਼ਰ ਰਹੇਗੀ। ਕਾਰਨੇ ਅਜਿਹੇ ਸਮੇਂ ਦੇਸ਼ ਦੀ ਅਗਵਾਈ ਕਰਨਗੇ, ਜਦੋਂ ਕੈਨੇਡਾ-ਭਾਰਤ ਰਿਸ਼ਤੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹਨ। ਇਸ ਦਾ ਮੁੱਖ ਕਾਰਨ ਕੈਨੇਡਾ ਵਿੱਚ ਖਾਲਿਸਤਾਨ ਲਹਿਰ ਮੰਨਿਆ ਜਾ ਸਕਦਾ ਹੈ। ਭਾਰਤ ਨਾਲ ਕੈਨੇਡਾ ਦੇ ਰਿਸ਼ਤੇ 2023 ਵਿੱਚ ਉਸ ਵੇਲੇ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਇਸ ਨਾਲ ਵੱਡਾ ਕੂਟਨੀਤਕ ਟਕਰਾਅ ਪੈਦਾ ਹੋ ਗਿਆ ਸੀ ਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਆਪੋ-ਆਪਣੇ ਦੇਸ਼ਾਂ ’ਚੋਂ ਬਾਹਰ ਕੱਢ ਦਿੱਤਾ ਸੀ। ਕਾਰਨੇ ਨੇ ਖਾਲਿਸਤਾਨ ਦੇ ਮੁੱਦੇ ’ਤੇ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਇਹ ਦੇਖਣਾ ਬਾਕੀ ਹੈ ਕਿ ਉਹ ਇਸ ਮੁੱਦੇ ’ਤੇ ਕਿਹੋ ਜਿਹੀ ਪਹੁੰਚ ਅਪਣਾਉਂਦੇ ਹਨ। ਉਨ੍ਹਾਂ ਦੀ ਅਸਲ ਚੁਣੌਤੀ ਖਾਲਿਸਤਾਨੀ ਹਮਦਰਦਾਂ ਨਾਲ ਨਜਿੱਠਣ ਦੀ ਹੋਵੇਗੀ, ਜੋ ਲਿਬਰਲ ਪਾਰਟੀ ਵਿੱਚ ਵੱਡੀ ਗਿਣਤੀ ’ਚ ਮੌਜੂਦ ਹਨ। ਆਉਂਦੇ ਦਿਨਾਂ ’ਚ ਭਾਰਤ ਇਸ ਗੱਲ ’ਤੇ ਨਜ਼ਰ ਰੱਖੇਗਾ ਕਿ ਕੀ ਕਾਰਨੇ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹਨ ਜਾਂ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰ ਇਕ ਅਜਿਹਾ ਖੇਤਰ ਹੈ, ਜਿਸ ਵਿੱਚ ਕਾਰਨੇ ਦੀ ਅਗਵਾਈ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੈਨੇਡਾ ਦੀਆਂ ਇਮੀਗ੍ਰੇਸ਼ਨ ਤੇ ਸਿੱਖਿਆ ਨੀਤੀਆਂ ’ਤੇ ਵੀ ਭਾਰਤੀਆਂ ਦੀ ਨਜ਼ਰ ਹੋਵੇਗੀ। ਕੈਨੇਡਾ ’ਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ ’ਚੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਪਰ ਵਿਦਿਆਰਥੀ ਪਰਮਿਟਾਂ ’ਤੇ ਹਾਲ ਹੀ ਵਿੱਚ ਲਾਈਆਂ ਪਾਬੰਦੀਆਂ ਅਤੇ ਵਰਕ ਪਰਮਿਟ ਜਾਰੀ ਕਰਨ ਦੇ ਨਿਯਮਾਂ ਵਿੱਚ ਹੋਰ ਤਬਦੀਲੀਆਂ ਨੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ। ਇਨ੍ਹਾਂ ਮੁੱਦਿਆਂ ’ਤੇ ਵੀ ਕਾਰਨੇ ਦਾ ਰੁਖ ਹਾਲੇ ਸਪੱਸ਼ਟ ਨਹੀਂ ਹੈ।

Advertisement
×