ਤਲ ਅਵੀਵ, 29 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਵਿੱਚ ਜੰਗਬੰਦੀ ਲਈ ਗੱਲਬਾਤ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਨਾਲ 20 ਮਹੀਨਿਆਂ ਤੋਂ ਚੱਲ ਰਿਹਾ ਲੜਾਈ ਦਾ ਦੌਰ ਸਮਾਪਤ ਹੋ ਜਾਵੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਇੱਕ ਸਮਝੌਤੇ ਦੇ ਨੇੜੇ ਪਹੁੰਚ ਰਹੇ ਹਨ। ਇੱਕ ਇਜ਼ਰਾਇਲੀ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਵਾਸ਼ਿੰਗਟਨ ਯਾਤਰਾ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਜੋ ਇਸ ਗੱਲ ਦਾ ਸੰਕੇਤ ਹਨ ਕਿ ਇੱਕ ਨਵੇਂ ਸਮਝੌਤੇ ’ਤੇ ਗੱਲ ਅੱਗੇ ਵਧ ਸਕਦੀ ਹੈ ਪਰ ਇਸ ਅਧਿਕਾਰੀ ਨੇ ਇਸ ਦੌਰੇ ਦੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਕਿਹਾ, ‘ਗਾਜ਼ਾ ਵਿੱਚ ਗੱਲ ਸਿਰੇ ਚੜ੍ਹਾਓ ਤੇ ਬੰਧਕਾਂ ਨੂੰ ਵਾਪਸ ਭੇਜੋ।’
ਟਰੰਪ ਨੇ ਐਤਵਾਰ ਸਵੇਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੇ ਟੈਕਸ ਅਤੇ ਖਰਚ ਕਟੌਤੀ ਬਿੱਲ ’ਤੇ ਸੈਨੇਟ ’ਚ ਵੋਟ ਪਾਉਣ ਦਰਮਿਆਨ ਇਹ ਪੋਸਟ ਸਾਂਝੀ ਕਰਦਿਆਂ ਉਮੀਦ ਜਤਾਈ ਕਿ ਅਗਲੇ ਹਫ਼ਤੇ ਦੇ ਅੰਦਰ ਜੰਗਬੰਦੀ ਸਮਝੌਤਾ ਹੋ ਸਕਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਅਸੀਂ ਗਾਜ਼ਾ ’ਤੇ ਕੰਮ ਕਰ ਰਹੇ ਹਾਂ ਅਤੇ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਟਰੰਪ ਨੇ ਵਾਰ-ਵਾਰ ਇਜ਼ਰਾਈਲ ਅਤੇ ਹਮਾਸ ਨੂੰ ਗਾਜ਼ਾ ਵਿੱਚ ਜੰਗ ਖਤਮ ਕਰਨ ਦੀ ਅਪੀਲ ਕੀਤੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਟਰੰਪ ਦੇ ਅਹੁਦਾ ਸੰਭਾਲਣ ਵੇਲੇ ਅੱਠ ਹਫ਼ਤਿਆਂ ਦੀ ਜੰਗਬੰਦੀ ਹੋ ਗਈ ਸੀ ਪਰ ਉਦੋਂ ਤੋਂ ਦੋਵਾਂ ਧਿਰਾਂ ਨੂੰ ਇੱਕ ਨਵੇਂ ਸਮਝੌਤੇ ਵੱਲ ਲਿਆਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ। -ਏਪੀ