ਮੈਕਰੌਂ 48 ਘੰਟੇ ਦੇ ਅੰਦਰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕਰਨਗੇ
ਹਾਲ ਦੀ ਘਡ਼ੀ ਫਰਾਂਸ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਘਟੇਗੀ
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਅੱਜ ਕਿਹਾ ਕਿ ਉਹ ਅਗਲੇ 48 ਘੰਟਿਆਂ ਦੇ ਅੰਦਰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟੇ ਸਬੈਸਟੀਅਨ ਲੇਕੋਰਨੂ ਨੇ ਸੋਮਵਾਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ ਸੀ। ਲੇਕੋਰਨੂ ਦੀ ਜਗ੍ਹਾ ਕਿਸੇ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਨਾਲ ਘੱਟੋ-ਘੱਟ ਹਾਲ ਦੀ ਘੜੀ ਫਰਾਂਸ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਘੱਟ ਜਾਵੇਗੀ। ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੇ ਸਬੰਧ ਵਿੱਚ ਮੈਕਰੌਂ ਦੇ ਦਫ਼ਤਰ ਵੱਲੋਂ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਲੇਕੋਰਨੂ ਨੇ ਆਪਣੇ ਅਸਤੀਫੇ ਦੇ ਬਾਵਜੂਦ ਰਾਸ਼ਟਰਪਤੀ ਦੀ ਅਪੀਲ ’ਤੇ ਦੋ ਦਿਨ ਸੰਸਦ ਵਿੱਚ ਚਰਚਾ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸ਼ਕਤੀਸ਼ਾਲੀ ਪਰ ਵੰਡੇ ਹੋਏ ਹੇਠਲੇ ਸਦਨ ਵਿੱਚ ਨਵੀਂ ਸਰਕਾਰ ਬਣਾਉਣ ਲਈ ਲੋੜੀਂਦਾ ਸਮਰਥਨ ਹੈ। ਲੇਕੋਰਨੂ ਨੇ ਗੱਲਬਾਤ ਤੋਂ ਇਹ ਨਤੀਜਾ ਕੱਢਿਆ ਕਿ ਭਾਵੇਂ ਕਿ ਮੈਕਰੌਂ ਦੇ ਖੇਮੇ ਅਤੇ ਉਸ ਦੇ ਸਹਿਯੋਗੀਆਂ ਕੋਲ ਕੌਮੀ ਅਸੈਂਬਲੀ ਵਿੱਚ ਬਹੁਮਤ ਨਹੀਂ ਹੈ ਪਰ ਨਵੀਂ ਸਰਕਾਰ ਬਣਾਉਣ ਲਈ ਉਸ ਕੋਲ ਲੋੜੀਂਦਾ ਸਮਰਥਨ ਹੈ। ਪਿਛਲੇ ਇਕ ਸਾਲ ਵਿੱਚ ਮੈਕਰੌਂ ਵੱਲੋਂ ਨਿਯੁਕਤ ਪ੍ਰਧਾਨ ਮੰਤਰੀਆਂ ਦੇ ਅਸਤੀਫਾ ਦਿੱਤੇ ਜਾਣ ਕਾਰਨ ਫਰਾਂਸ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਰਾਸ਼ਟਰਪਤੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਨਾਲ ਆਪਣੀ ਗੱਲਬਾਤ ਤੋਂ ਬਾਅਦ ਲੇਕੋਰਨੂ ਨੇ ਇਹ ਨਤੀਜਾ ਕੱਢਿਆ ਹੈ ਕਿ ਕੌਮੀ ਅਸੈਂਬਲੀ ਦੇ ਜ਼ਿਆਦਾਤਰ ਸੰਸਦ ਮੈਂਬਰ ਅਚਾਨਕ ਸੰਸਦੀ ਚੋਣਾਂ ਨਹੀਂ ਚਾਹੁੰਦੇ ਹਨ।