Landslide in China ਦੱਖਣੀ-ਪੱਛਮੀ ਚੀਨ ਵਿਚ ਜ਼ਮੀਨ ਖਿਸਕਣ ਕਰਕੇ ਪਿੰਡ ਮਲਬੇ ’ਚ ਤਬਦੀਲ, 29 ਵਿਅਕਤੀ ਲਾਪਤਾ
ਪੇਈਚਿੰਗ, 9 ਫਰਵਰੀ
ਦੱਖਣੀ ਪੱਛਮੀ ਸਿਚੁਆਨ ਸੂਬੇ ਵਿਚ ਸ਼ਨਿੱਚਰਵਾਰ ਨੂੰ ਜ਼ਮੀਨ ਖਿਸਕਣ ਕਰਕੇ 10 ਘਰ ਮਲਬੇ ਹੇਠ ਦੱਬ ਗਏ ਤੇ ਸੈਂਕੜੇ ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋ ਗਏ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਵੱਲੋਂ ਘੱਟੋ ਘੱਟ 29 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜੂਨਲਿਆਨ ਕਾਊਂਟੀ ਦੇ ਪਿੰਡ ਵਿਚ ਜ਼ਮੀਨ ਖਿਸਕਣ ਮਗਰੋਂ ਹੰਗਾਮੀ ਪ੍ਰਬੰਧ ਬਾਰੇ ਮੰਤਰਾਲੇ ਨੇ ਅੱਗ ਬੁਝਾਊ ਦਸਤੇ ਸਣੇ ਸੈਂਕੜੇ ਰਾਹਤ ਕਰਮੀਆਂ ਨੂੰ ਮੌਕੇ ’ਤੇ ਭੇਜਿਆ ਹੈ। ਹੁਣ ਤੱਕ ਦੋ ਵਿਅਕਤੀਆਂ ਨੂੰ ਸੱਟਾਂ ਫੇਟਾਂ ਨਾਲ ਜਿਊਂਦੇ ਬਾਹਰ ਕੱਢਿਆ ਗਿਆ। ਦੋ ਸੌ ਹੋਰਨਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਅਥਾਰਿਟੀਜ਼ ਨੇ ਕਿਹਾ ਕਿ ਜ਼ਮੀਨ ਖਿਸਕਣ ਦੀ ਮੁੱਖ ਵਜ੍ਹਾ ਹਾਲ ਹੀ ਵਿਚ ਪਏ ਭਾਰੀ ਮੀਂਹ ਤੇ ਭੂਗੋਲਿਕ ਹਾਲਾਤ ਹਨ। ਜ਼ਮੀਨ ਖਿਸਕਣ ਕਰਕੇ ਪਿੰਡ ਮਲਬੇ ਵਿਚ ਤਬਦੀਲ ਹੋ ਗਿਆ।
ਅਥਾਰਿਟੀਜ਼ ਨੇ ਅਜੇ ਤੱਕ ਲਾਪਤਾ ਲੋਕਾਂ ਦੀ ਅਸਲ ਗਿਣਤੀ ਬਾਰੇ ਪੁਸ਼ਟੀ ਨਹੀਂ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਭੂਗੋਲ ਸ਼ਾਸਤਰੀਆਂ ਨੇ ਅਜੇ ਪਿਛਲੇ ਸਾਲ ਇਲਾਕੇ ਦਾ ਮੁਆਇਨਾ ਕੀਤਾ ਸੀ।
ਉਧਰ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਇਸ ਘਟਨਾ ’ਤੇ ਫ਼ਿਕਰ ਜਤਾਉਂਦਿਆਂ ਅਥਾਰਿਟੀਜ਼ ਨੂੰ ਅਪੀਲ ਕੀਤੀ ਹੈ ਕਿ ਉਹ ਲਾਪਤਾ ਲੋਕਾਂ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕਰਨ ਤੇ ਇਹ ਵੀ ਯਕੀਨੀ ਬਣਾਉਣ ਕਿ ਘੱਟ ਤੋਂ ਘੱਟ ਲੋਕਾਂ ਦੀ ਜਾਨ ਜਾਵੇ।
ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਵੀ ਜਾਂਚ ਅਤੇ ਨੇੜਲੇ ਇਲਾਕਿਆਂ ਵਿਚ ਸੰਭਾਵੀ ਭੂਗੋਲਿਕ ਜੋਖ਼ਮਾਂ ਦੀ ਪੜਤਾਲ ਦੇ ਹੁਕਮ ਦਿੱਤੇ ਹਨ। ਲੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਖ਼ਤਰਾ ਹੈ, ਉਨ੍ਹਾਂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ।
ਚੀਨ ਨੇ ਰਾਹਤ ਤੇ ਬਚਾਅ ਕਾਰਜਾਂ ਲਈ 80 ਮਿਲੀਅਨ ਯੁਆਨ (1.10 ਕਰੋੜ ਡਾਲਰ) ਦੀ ਰਾਸ਼ੀ ਜਾਰੀ ਕੀਤੀ ਹੈ। ਮੀਂਹ ਜਾਂ ਅਸੁਰੱਖਿਅਤ ਉਸਾਰੀ ਕਾਰਜਾਂ ਕਾਰਨ ਜ਼ਮੀਨ ਖਿਸਕਣਾ ਚੀਨ ਵਿੱਚ ਆਮ ਗੱਲ ਨਹੀਂ ਹੈ। ਪਿਛਲੇ ਸਾਲ ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ ਦੇ ਇੱਕ ਦੂਰ-ਦੁਰਾਡੇ ਪਹਾੜੀ ਹਿੱਸੇ ਵਿੱਚ ਜ਼ਮੀਨ ਖਿਸਕਣ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ। -ਏਪੀ