ਕਿਮ ਵੱਲੋਂ ਰੂਸ-ਯੂਕਰੇਨ ਜੰਗ ’ਚ ਮਰੇ ਉੱਤਰ ਕੋਰਿਆਈ ਸੈਨਿਕਾਂ ਨੂੰ ਸ਼ਰਧਾਂਜਲੀ
ਸਿਓਲ, 30 ਜੂਨ
ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਯੂਕਰੇਨ ਖ਼ਿਲਾਫ਼ ਜੰਗ ਵਿੱਚ ਰੂਸ ਵੱਲੋੋਂ ਲੜਦਿਆਂ ਮਾਰੇ ਗਏ ਆਪਣੀ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਕਿਮ ਜੌਂਗ ਉਨ ਦੀਆਂ ਸੈਨਿਕਾਂ ਦੇ ਤਾਬੂਤਾਂ ’ਤੇ ਕੌਮੀ ਝੰਡਾ ਲਪੇਟਦਿਆਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ। ਅਜਿਹਾ ਜਾਪਦਾ ਹੈ ਕਿ ਇਹ ਰਸਮ ਰੂਸ ਲਈ ਮਾਰੇ ਗਏ ਫੌਜੀਆਂ ਦੀ ਵਤਨ ਵਾਪਸੀ ਮੌਕੇ ਕੀਤੀ ਗਈ ਹੈ। ਪਿਓਂਗਯਾਂਗ ਵਿੱਚ ਇਸ ਭਾਵੁਕ ਪਲ ਦੀਆਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਕਿਮ ਨੂੰ ਅੱਧਾ ਦਰਜਨ ਤਾਬੂਤਾਂ ਦੀਆਂ ਕਤਾਰਾਂ ਨੇੜੇ ਖੜ੍ਹਾ ਦੇਖਿਆ ਜਾ ਸਕਦਾ ਹੈ। ਉਹ ਤਾਬੂਤਾਂ ਨੂੰ ਝੰਡਿਆਂ ਨਾਲ ਢਕਦੇ ਹਨ ਅਤੇ ਉਨ੍ਹਾਂ ’ਤੇ ਦੋਵੇਂ ਹੱਥ ਰੱਖ ਕੇ ਕੁੱਝ ਸਮੇਂ ਲਈ ਰੁਕਦੇ ਹਨ। ਇਸ ਦ੍ਰਿਸ਼ ਵਿੱਚ ਉੱਤਰੀ ਕੋਰਿਆਈ ਅਤੇ ਰੂਸੀ ਫੌਜੀ ਵੀ ਨਜ਼ਰ ਆ ਰਹੇ ਹਨ। ਉਹ ਕੋਰਿਆਈ ਭਾਸ਼ਾ ਵਿੱਚ ਲਿਖੀਆਂ ਦੇਸ਼ਭਗਤੀ ਦੀਆਂ ਇਬਾਰਤਾਂ ਨਾਲ ਆਪਣੇ ਕੌਮੀ ਝੰਡੇ ਲਹਿਰਾ ਰਹੇ ਹਨ।
ਕਿਮ ਸਮਾਰੋਹ ਵਿੱਚ ਭਾਵੁਕ ਨਜ਼ਰ ਆ ਰਿਹਾ ਹੈ। ਉੱਤਰੀ ਕੋਰੀਆ ਦੇ ਸਰਕਾਰੀ ਕੇਆਰਟੀ ਟੈਲੀਵਿਜ਼ਨ ਨੇ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਰੂਸੀ ਸਭਿਆਚਾਰਕ ਮੰਤਰੀ ਓਲਗਾ ਲਿਊਬਿਮੋਵਾ ਨੇ ਵੀ ਹਿੱਸਾ ਲਿਆ। ਉਹ ਕਿਮ ਦੀ ਮਹਿਮਾਨ ਵਜੋਂ ਰਣਨੀਤਕ ਭਾਈਵਾਲੀ ਸੰਧੀ ਦੀ ਪਹਿਲੀ ਵਰ੍ਹੇਗੰਢ ਮੌਕੇ ਇੱਕ ਵਫ਼ਦ ਦੀ ਅਗਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਿਮ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪਿਛਲੇ ਸਾਲ ਜੂਨ ਵਿੱਚ ਪਿਓਂਗਯਾਂਗ ਵਿੱਚ ਰਣਨੀਤਕ ਭਾਈਵਾਲੀ ਸੰਧੀ ’ਤੇ ਦਸਤਖਤ ਕੀਤੇ ਸਨ। -ਰਾਇਟਰਜ਼