ਨੌਕਰੀਆਂ ਸਬੰਧੀ ਅੰਕੜਿਆਂ ਨਾਲ ਛੇੜ-ਛਾੜ ਹੋਈ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੁਲਾਈ ਵਿੱਚ ਰੁਜ਼ਗਾਰ ਸਬੰਧੀ ਅੰਕੜੇ ਜਾਰੀ ਹੋਣ ਮਗਰੋਂ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਡਾਇਰੈਕਟਰ ਨੂੰ ਬਰਖਾਸਤ ਕਰ ਦਿੱਤਾ ਅਤੇ ਉਸ ’ਤੇ ਇਨ੍ਹਾਂ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਅਮਰੀਕਾ ਵਿੱਚ ਨੌਕਰੀਆਂ ਸਬੰਧੀ ਮਾਸਿਕ ਅੰਕੜਿਆਂ ’ਤੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਅਤੇ ਅਰਥਸ਼ਾਸਤਰੀਆਂ ਦੀ ਪਹਿਲਾਂ ਤੋਂ ਹੀ ਨਜ਼ਰ ਹੈ ਪਰ ਟਰੰਪ ਵੱਲੋਂ ਇਸ ਰਿਪੋਰਟ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਬਰਾਖ਼ਸਤ ਕਰਨ ਮਗਰੋਂ ਇਹ ਅੰਕੜੇ ਵਿਸ਼ੇਸ਼ ਤੌਰ ’ਤੇ ਧਿਆਨ ਖਿੱਚ ਰਹੇ ਹਨ। ਹਾਲਾਂਕਿ, ਟਰੰਪ ਨੇ ਦਾਅਵਾ ਕੀਤਾ ਕਿ ਜੂਨ ਦੇ ਰੁਜ਼ਗਾਰ ਅੰਕੜਿਆਂ ਵਿੱਚ ਉਨ੍ਹਾਂ ਨੂੰ ਅਤੇ ਹੋਰ ਰਿਪਬਲਿਕਨਾਂ ਨੂੰ ‘ਖ਼ਰਾਬ’ ਦਿਖਾਉਣ ਲਈ ‘ਛੇੜਛਾੜ’ ਕੀਤੀ ਗਈ ਹੈ। ਫਿਰ ਵੀ ਉਨ੍ਹਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਤੇ ਇੱਥੋਂ ਤੱਕ ਕਿ ਜਿਸ ਅਧਿਕਾਰੀ ਨੂੰ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਇਸ ਰਿਪੋਰਟ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਸੀ, ਵਿਲੀਅਮ ਬੀਚ ਨੇ ਵੀ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਿਯੁਕਤ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਡਾਇਰੈਕਟਰ ਐਰਿਕਾ ਮੈਕਐਂਟਾਰਫਰ ਨੂੰ ਬਰਖਾਸਤ ਕਰਨ ਦੀ ਨਿਖੇਧੀ ਕੀਤੀ ਹੈ।