ਜਪਾਨ: ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਵੱਲੋਂ ਅਸਤੀਫ਼ਾ
ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੇ ਜੁਲਾਈ ’ਚ ਹੋਈਆਂ ਸੰਸਦੀ ਚੋਣਾਂ ’ਚ ਪਾਰਟੀ ਦੀ ਵੱਡੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅੱਜ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਪਿਛਲੇ ਸਾਲ ਅਕਤੂਬਰ ’ਚ ਅਹੁਦਾ ਸੰਭਾਲਿਆ ਸੀ ਅਤੇ ਉਹ ਪਿਛਲੇ ਇਕ ਮਹੀਨੇ ਤੋਂ ਪਾਰਟੀ ਅੰਦਰਲੇ ਵਿਰੋਧੀਆਂ ਵੱਲੋਂ ਆਪਣੇ ਅਸਤੀਫ਼ੇ ਦੀ ਕੀਤੀ ਜਾ ਰਹੀ ਮੰਗ ਨੂੰ ਦਰਕਿਨਾਰ ਕਰਦੇ ਆ ਰਹੇ ਸਨ। ਪਾਰਟੀ ਲਿਬਰਲ ਡੈਮੋਕਰੈਟਿਕ ਪਾਰਟੀ ਦੇ ਆਗੂ ਦੀ ਦੌੜ ’ਚ ਖੇਤੀਬਾੜੀ ਮੰਤਰੀ ਸ਼ਿੰਜਿਰੋ ਕੋਇਜ਼ੂਮੀ, ਸਨਾਏ ਤਾਕਾਇਚੀ ਅਤੇ ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਸ਼ਾਮਲ ਹਨ।
ਇਸ਼ਿਬਾ ਨੇ ਅਸਤੀਫ਼ਾ ਦੇਣ ਦਾ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਉਨ੍ਹਾਂ ਦੀ ਪਾਰਟੀ ਆਪਣੇ ਨਵੇਂ ਆਗੂ ਦੀ ਚੋਣ ਕਰਾਉਣ ਨੂੰ ਲੈ ਕੇ ਫ਼ੈਸਲਾ ਲੈਣ ਵਾਲੀ ਹੈ। ਜੇ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਉਨ੍ਹਾਂ ਖ਼ਿਲਾਫ਼ ਇਕ ਤਰ੍ਹਾਂ ਦਾ ਬੇਭਰੋਸਗੀ ਮਤਾ ਹੋਵੇਗਾ। ਇਸ਼ਿਬਾ ਨੇ ਕਿਹਾ ਕਿ ਉਹ ਆਪਣੇ ਜਾਨਸ਼ੀਨ ਲਈ ਪਾਰਟੀ ਲੀਡਰਸ਼ਿਪ ਦੀ ਚੋਣ ਦਾ ਅਮਲ ਸ਼ੁਰੂ ਕਰਨਗੇ ਅਤੇ ਸੋਮਵਾਰ ਨੂੰ ਵੋਟਿੰਗ ਕਰਾਉਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਜੁਲਾਈ ’ਚ ਇਸ਼ਿਬਾ ਦੀ ਅਗਵਾਈ ਹੇਠਲਾ ਹੁਕਮਰਾਨ ਗੱਠਜੋੜ 248 ਮੈਂਬਰੀ ਉਪਰਲੇ ਸਦਨ ’ਚ ਬਹੁਮਤ ਹਾਸਲ ਕਰਨ ’ਚ ਨਾਕਾਮ ਰਿਹਾ ਸੀ ਜਿਸ ਨਾਲ ਉਨ੍ਹਾਂ ਦੀ ਸਰਕਾਰ ਅਸਥਿਰ ਹੋ ਗਈ ਸੀ। ਇਸ਼ਿਬਾ ਨੇ ਕਿਹਾ ਕਿ ਉਹ ਚੋਣ ਨਹੀਂ ਲੜਨਗੇ। ਉਂਝ ਉਨ੍ਹਾਂ ਤਨਖ਼ਾਹਾਂ ’ਚ ਵਾਧੇ, ਖੇਤੀ ਸੁਧਾਰ ਅਤੇ ਜਪਾਨ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਜਿਹੇ ਅਧੂਰੇ ਕੰਮਾਂ ਨੂੰ ਛੱਡ ਦੇਣ ਦਾ ਅਫ਼ਸੋਸ ਜਤਾਇਆ।