ਇਟਲੀ ਦੀ ਪ੍ਰਧਾਨ ਮੰਤਰੀ ਨੇ ਅਮਰੀਕੀ ਅਧਿਕਾਰੀ ਨੂੰ ‘ਨਮਸਤੇ’ ਕਿਹਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਤੇ ਯੂਰੋਪੀ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਆਮਦ ਨੇ ਉਦੋਂ ਸਭ ਦਾ ਧਿਆਨ ਖਿੱਚਿਆ, ਜਦੋਂ ਉਨ੍ਹਾਂ ਨੇ ਅਮਰੀਕਾ ਦੀ ਚੀਫ ਆਫ ਪ੍ਰੋਟੋਕੋਲ ਮੋਨਿਕਾ ਕਰਾਊਲੀ ਨੂੰ ‘ਨਮਸਤੇ’ ਕਿਹਾ। ‘ਨਮਸਤੇ’ ਦੋਵੇਂ ਹੱਥ ਜੋੜ ਕੇ ਸਵਾਗਤ ਕਰਨ ਦਾ ਭਾਰਤੀ ਸਲੀਕਾ ਹੈ। ਮੇਲੋਨੀ ਨੂੰ ਪਹਿਲਾਂ ਵੀ ਅਜਿਹੇ ਕਰਦੇ ਹੋਏ ਦੇਖਿਆ ਗਿਆ।
ਉਨ੍ਹਾਂ ਨੇ ਇਟਲੀ ’ਚ ਜੀ-7 ਸਿਖਰ ਸੰਮੇਲਨ ਦੌਰਾਨ ਵੀ ਆਗੂਆਂ ਦਾ ਇਸੇ ਤਰ੍ਹਾਂ ਹੀ ਸਵਾਗਤ ਕੀਤਾ ਸੀ। ਵੀਡੀਓ ’ਚ ਸਿਖਰ ਸੰਮੇਲਨ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਇਕ ਦੂਜੇ ਦਾ ਸਵਾਗਤ ਕਰਦੇ ਅਤੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੋਵੇਂ ਆਗੂ ਦੁਬਈ ’ਚ ਹੋਏ ਸੀਓਪੀ-28 ਤੋਂ ਇਲਾਵਾ ਭਾਰਤ ’ਚ ਹੋਏ ਜੀ-20 ਸੰਮੇਲਨ ਵਿੱਚ ਵੀ ਇਸੇ ਤਰ੍ਹਾਂ ਮਿਲਦੇ ਨਜ਼ਰ ਆਏ ਸਨ।
ਦੂਜੇ ਪਾਸੇ ਮੇਲੋਨੀ ਨੇ ਅਮਰੀਕਾ ’ਚ ਬਹੁ-ਪੱਖੀ ਮੀਟਿੰਗ ਦੌਰਾਨ ਸ਼ਾਂਤੀ ਸਥਾਪਤੀ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਟਰੰਪ ਨੂੰ ਆਖਿਆ, ‘‘ਜੇ ਅਸੀਂ ਸ਼ਾਂਤੀ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਜੇ ਅਸੀਂ ਨਿਆਂ ਦੀ ਗਾਰੰਟੀ ਚਾਹੁੰਦੇ ਹਾਂ ਤਾਂ ਇਹ ਸਭ ਸਾਨੂੰ ਇੱਕਜੁਟ ਹੋ ਕੇ ਕਰਨਾ ਪਵੇਗਾ। ਅਸੀਂ ਯੂਕਰੇਨ ਦੇ ਪੱਖ ’ਚ ਹਾਂ।’’