ਇਜ਼ਰਾਈਲ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ
ਇਜ਼ਰਾਈਲ ਦੀ ਹਮਾਸ ਨਾਲ ਚੱਲ ਰਹੀ 22 ਮਹੀਨਿਆਂ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਦਾ ਅਰਥ ਉਸ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਹੈ। ਇਸ ਕਾਰਨ ਫਲਸਤੀਨੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਬੰਦੀ ਬਣਾਏ ਇਜ਼ਰਾਇਲੀ ਨਾਗਰਿਕਾਂ ’ਚ ਦਹਿਸ਼ਤ ਫ਼ੈਲ ਗਈ ਹੈ। ਇਸ ਫ਼ੈਸਲੇ ਨੇ ਸੰਘਰਸ਼ ਖ਼ਤਮ ਕਰਨ ਦੇ ਕੌਮਾਂਤਰੀ ਦਬਾਅ ਨੂੰ ਹੋਰ ਵਧਾ ਦਿੱਤਾ ਹੈ।
ਇਜ਼ਰਾਈਲ ਦੀਆਂ ਹਵਾਈ ਅਤੇ ਜ਼ਮੀਨੀ ਕਾਰਵਾਈਆਂ ਕਾਰਨ ਗਾਜ਼ਾ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ। ਜ਼ਿਆਦਾਤਰ ਆਬਾਦੀ ਬੇਘਰ ਹੋ ਚੁੱਕੀ ਹੈ। ਵੱਡੇ ਖੇਤਰ ਤਬਾਹ ਹੋ ਚੁੱਕੇ ਹਨ ਅਤੇ ਇਲਾਕੇ ’ਚ ਭੁੱਖਮਰੀ ਫ਼ੈਲ ਗਈ ਹੈ। ਇੱਕ ਹੋਰ ਵੱਡੀ ਜ਼ਮੀਨੀ ਕਾਰਵਾਈ ਕਦੋਂ ਸ਼ੁਰੂ ਹੋਵੇਗੀ, ਇਹ ਸਪੱਸ਼ਟ ਨਹੀਂ ਹੈ। ਇਸ ਲਈ ਹਜ਼ਾਰਾਂ ਫੌਜੀਆਂ ਨੂੰ ਤਿਆਰ ਕਰਨਾ ਅਤੇ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣਾ ਪਵੇਗਾ, ਜਿਸ ਨਾਲ ਗਾਜ਼ਾ ਦਾ ਮਾਨਵਤਾਵਾਦੀ ਸੰਕਟ ਹੋਰ ਬਦਤਰ ਹੋ ਜਾਵੇਗਾ। ਇਸ ਯੋਜਨਾ ਤੋਂ ਜਾਣੂ ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਕਾਰਵਾਈ ‘ਹੌਲੀ-ਹੌਲੀ’ ਹੋਵੇਗੀ ਅਤੇ ਇਸ ਦੀ ਕੋਈ ਸ਼ੁਰੂਆਤੀ ਤਰੀਕ ਨਹੀਂ ਹੈ। ਉੱਧਰ, ਹਮਾਸ ਨੇ ਇਜ਼ਰਾਈਲ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ। ਬਿਆਨ ਵਿੱਚ ਸਮੂਹ ਨੇ ਕਿਹਾ, ‘‘ਫਲਸਤੀਨੀ ਲੋਕਾਂ ਵਿਰੁੱਧ ਹਮਲੇ ਨੂੰ ਵਿਆਪਕ ਤੇ ਤੇਜ਼ ਕਰਨਾ ਸੌਖਾ ਨਹੀਂ ਹੋਵੇਗਾ।’’
ਸੰਯੁਕਤ ਰਾਸ਼ਟਰ ਦੀ ਹੰਗਾਮੀ ਮੀਟਿੰਗ
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਦੀਆਂ ਯੋਜਨਾਵਾਂ ਬਾਰੇ ਐਮਰਜੈਂਸੀ ਮੀਟਿੰਗ ਹੁਣ ਐਤਵਾਰ ਨੂੰ ਸਵੇਰੇ 10 ਵਜੇ ਮੁੜ ਤੈਅ ਕੀਤੀ ਗਈ ਹੈ। ਇਹ ਮੀਟਿੰਗ ਪਹਿਲਾਂ ਅੱਜ ਬਾਅਦ ਦੁਪਹਿਰ 3 ਵਜੇ ਹੋਣੀ ਸੀ। ਪਨਾਮਾ ਦਾ ਸੰਯੁਕਤ ਰਾਸ਼ਟਰ ਮਿਸ਼ਨ ਜੋ ਇਸ ਮਹੀਨੇ ਕੌਂਸਲ ਦੀ ਪ੍ਰਧਾਨਗੀ ਕਰ ਰਿਹਾ ਹੈ, ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਿਸਰ ਅਤੇ ਕਤਰ ਦੇ ਵਿਚੋਲੀਏ ਨਵੀਂ ਯੋਜਨਾ ’ਤੇ ਕੰਮ ਕਰ ਰਹੇ ਹਨ, ਜਿਸ ਤਹਿਤ ਜੰਗ ਖ਼ਤਮ ਹੋਣ ਅਤੇ ਇਜ਼ਰਾਇਲੀ ਫੌਜਾਂ ਦੇ ਗਾਜ਼ਾ ਪੱਟੀ ਤੋਂ ਵਾਪਸ ਜਾਣ ਬਦਲੇ ਸਾਰੇ ਬੰਦੀਆਂ ਨੂੰ ਇੱਕੋ ਵਾਰ ਵਿੱਚ ਰਿਹਾਅ ਕੀਤਾ ਜਾਵੇਗਾ।
ਸ੍ਰੀਲੰਕਾ ਵੱਲੋਂ ਗਾਜ਼ਾ ’ਤੇ ਇਜ਼ਰਾਇਲੀ ਕੰਟਰੋਲ ਦੀ ਯੋਜਨਾ ’ਤੇ ਚਿੰਤਾ ਜ਼ਾਹਿਰ
ਕੋਲੰਬੋ: ਸ੍ਰੀਲੰਕਾ ਨੇ ਅੱਜ ਗਾਜ਼ਾ ’ਤੇ ਇਜ਼ਰਾਈਲ ਦੇ ਫੌਜੀ ਕੰਟਰੋਲ ਦੇ ਫੈਸਲੇ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਹਿੰਸਾ ਹੋਰ ਵਧੇਗੀ। ਇੱਕ ਬਿਆਨ ਵਿੱਚ, ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਜੰਗਬੰਦੀ ਦੀ ਮੰਗ ਕਰਦਿਆਂ ਸਾਰੇ ਪੱਖਾਂ ਨੂੰ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਕੂਟਨੀਤਕ ਗੱਲਬਾਤ ਰਾਹੀਂ ਮਤਭੇਦ ਸੁਲਝਾਉਣ ਦੀ ਅਪੀਲ ਕੀਤੀ ਹੈ।