ਗਾਜ਼ਾ ’ਚ ਇਜ਼ਰਾਇਲੀ ਫੌ਼ਜ ਵੱਲੋਂ ਗੋਲੀਬਾਰੀ, 44 ਹਲਾਕ
ਦੀਰ ਅਲ-ਬਲਾਹ, 24 ਜੂਨ
ਗਾਜ਼ਾ ’ਚ ਰਾਹਤ ਸਮੱਗਰੀ ਦੇ ਟਰੱਕਾਂ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ ’ਤੇ ਵੱਖ-ਵੱਖ ਥਾਵਾਂ ’ਤੇ ਇਜ਼ਰਾਇਲੀ ਫੌਜ ਅਤੇ ਡਰੋਨਾਂ ਨੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ’ਚ 44 ਵਿਅਕਤੀ ਮਾਰੇ ਗਏ। ਗਾਜ਼ਾ ’ਚ ਹੁਣ ਤੱਕ 56 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਵਦਾ ਹਸਪਤਾਲ ਨੇ ਦੱਸਿਆ ਕਿ ਗੋਲੀਬਾਰੀ ’ਚ 146 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 62 ਦੀ ਹਾਲਤ ਗੰਭੀਰ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਜਾਨੀ ਨੁਕਸਾਨ ਬਾਰੇ ਰਿਪੋਰਟ ਦੀ ਨਜ਼ਰਸਾਨੀ ਕਰ ਰਹੇ ਹਨ ਕਿਉਂਕਿ ਕੁਝ ਲੋਕਾਂ ਨੇ ਪੂਰਬੀ-ਪੱਛਮੀ ਨੇਤਜ਼ਰੀਮ ਲਾਂਘੇ ’ਤੇ ਜਵਾਨਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਸੀ। ਨੁਸਰਤ ਸ਼ਰਨਾਰਥੀ ਕੈਂਪ ’ਚ ਸਥਿਤ ਆਵਦਾ ਹਸਪਤਾਲ ਨੇ ਕਿਹਾ ਕਿ ਫ਼ਲਸਤੀਨੀ ਲੋਕ ਗਾਜ਼ਾ ਦੇ ਦੱਖਣ ’ਚ ਸਾਲਾਹ ਅਲ-ਦੀਨ ਰੋਡ ’ਤੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਲੋਕ ਟਰੱਕਾਂ ਵੱਲ ਵੱਧ ਰਹੇ ਸਨ ਤਾਂ ਇਜ਼ਰਾਇਲੀ ਫੌਜ ਨੇ ਗੋਲੀਆਂ ਚਲਾ ਦਿੱਤੀਆਂ। ਪ੍ਰਤੱਖਦਰਸ਼ੀ ਅਹਿਮਦ ਹਲਾਵਾ ਨੇ ਕਿਹਾ ਕਿ ਇਹ ਨਸਲਕੁਸ਼ੀ ਹੈ। ਉਸ ਨੇ ਕਿਹਾ ਕਿ ਟੈਂਕਾਂ ਅਤੇ ਡਰੋਨਾਂ ਤੋਂ ਗੋਲੀਆਂ ਚਲਾਈਆਂ। -ਏਪੀ
ਗਾਜ਼ਾ ’ਚ ‘ਕਤਲੇਆਮ’ ਬਾਰੇ ਮੋਦੀ ਦੀ ਚੁੱਪ ਨਾਲ ਭਾਰਤ ਦਾ ਮਾਣ ਘਟਿਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਗਾਜ਼ਾ ’ਚ ‘ਕਤਲੇਆਮ’ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪੀ’ ਨਾਲ ਭਾਰਤ ਦੇ ਨੈਤਿਕ ਅਤੇ ਸਿਆਸੀ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਗੱਲ ’ਤੇ ਵੀ ਚਿੰਤਾ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗਬੰਦੀ ਦਾ ਤਾਂ ਐਲਾਨ ਕਰਵਾ ਦਿੱਤਾ ਪਰ ਗਾਜ਼ਾ ’ਚ ਹਾਲੇ ਤੱਕ ਫਲਸਤੀਨੀਆਂ ਦਾ ਘਾਣ ਹੋ ਰਿਹਾ ਹੈ। ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਫਲਸਤੀਨੀਆ ’ਤੇ ਹਾਵੀ ਰਹੀ ਆਫ਼ਤ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਬਾਰੇ ਸਾਰੇ ਜਾਣਦੇ ਹਨ ਅਤੇ ਇਸ ਨੇ ਭਾਰਤ ਦੇ ਨੈਤਿਕ ਅਤੇ ਸਿਆਸੀ ਮਾਣ-ਸਨਮਾਨ ਨੂੰ ਢਾਹ ਲਗਾਈ ਹੈ। -ਪੀਟੀਆਈ