ਇਜ਼ਰਾਇਲੀ ਫੌ਼ਜ ਨੇ ਗਾਜ਼ਾ ਸਿਟੀ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਲਈ ਕਿਹਾ
ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ਵਿੱਚ ਆਪਣੀ ਯੋਜਨਾਬੱਧ ਫੌਜੀ ਮੁਹਿੰਮ ਤੋਂ ਪਹਿਲਾਂ ਅੱਜ ਸਵੇਰੇ ਗਾਜ਼ਾ ਸਿਟੀ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਗਾਜ਼ਾ ਵਿੱਚ ਹਜ਼ਾਰਾਂ ਲੋਕ ਭੁੱਖਮਰੀ ਵਾਲੇ ਹਾਲਾਤ ਨਾਲ ਜੂਝ ਰਹੇ ਹਨ।
ਗਾਜ਼ਾ ਵਿੱਚ ਚੱਲ ਰਹੀ ਜੰਗ ਦੌਰਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਇਹ ਪਹਿਲੀ ਚਿਤਾਵਨੀ ਹੈ। ਇਸ ਤੋਂ ਪਹਿਲਾਂ ਫੌਜ ਵੱਲੋਂ ਗਾਜ਼ਾ ਦੇ ਉਨ੍ਹਾਂ ਖ਼ਾਸ ਹਿੱਸਿਆਂ ਨੂੰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਜਾਂਦੀ ਰਹੀ ਹੈ ਜਿੱਥੇ ਕਿ ਉਸ ਨੇ ਹਮਲਾ ਕਰਨਾ ਹੁੰਦਾ ਸੀ। ਅੱਜ ਪਿਛਲੇ ਦਿਨਾਂ ਨਾਲੋਂ ਕਿਤੇ ਜ਼ਿਆਦਾ ਕਾਰਾਂ ਤੇ ਟਰੱਕ ਉੱਤਰੀ ਗਾਜ਼ਾ ਤੋਂ ਦੱਖਣੀ ਗਾਜ਼ਾ ਵੱਲ ਜਾਂਦੇ ਹੋਏ ਦੇਖੇ ਗਏ। ਇਹ ਕਾਰਾਂ ਤੇ ਟਰੱਕ ਸਾਮਾਨ ਤੇ ਲੋਕਾਂ ਨਾਲ ਭਰੇ ਹੋਏ ਸਨ।
ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਵੀ ਅੱਜ ਕਿਹਾ ਕਿ ਗਾਜ਼ਾ ਵਿੱਚ 30 ਉੱਚੀਆਂ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਇਮਾਰਤਾਂ ਦਾ ਇਸਤੇਮਾਲ ਹਮਾਸ ਵੱਲੋਂ ਫੌਜੀ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਕੀਤਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਜ਼ਰਾਈਲ ਘੱਟੋ-ਘੱਟ 50 ‘ਅਤਿਵਾਦ ਦੇ ਟਾਵਰਾਂ’ ਨੂੰ ਨਸ਼ਟ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ਦਾ ਇਸਤੇਮਾਲ ਹਮਾਸ ਵੱਲੋਂ ਕੀਤਾ ਜਾਂਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਵਿੱਚ ਕਈ ਉੱਚੀਆਂ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਾਸ ਨੇ ਉਨ੍ਹਾਂ ਵਿੱਚ ਨਿਗਰਾਨੀ ਢਾਂਚਾ ਸਥਾਪਤ ਕਰ ਲਿਆ ਹੈ।
ਉੱਚੀਆਂ ਇਮਾਰਤਾਂ ਨੂੰ ਢਹਿ-ਢੇਰੀ ਕਰਨ ਦੀ ਇਹ ਕਾਰਵਾਈ ਹਮਾਸ ਦੇ ਬਚੇ ਹੋਏ ਆਖ਼ਰੀ ਗੜ੍ਹ ’ਤੇ ਕੰਟਰੋਲ ਹਾਸਲ ਕਰਨ ਲਈ ਇਜ਼ਰਾਈਲ ਦੇ ਵਧਦੇ ਹਮਲੇ ਦਾ ਹਿੱਸਾ ਹੈ। ਇਜ਼ਰਾਈਲ ਨੇ ਫਲਸਤੀਨੀਆਂ ਨੂੰ ਗਾਜ਼ਾ ਸਿਟੀ ਦੇ ਕੁਝ ਹਿੱਸਿਆਂ ਤੋਂ ਭੱਜ ਕੇ ਦੱਖਣੀ ਖੇਤਰ ਵਿੱਚ ਇਕ ਨਿਰਧਾਰਤ ਮਨੁੱਖੀ ਖੇਤਰ ਵਿੱਚ ਜਾਣ ਲਈ ਕਿਹਾ ਹੈ। ਹਾਲਾਂਕਿ, ਇਸ ਚਿਤਾਵਨੀ ਦੇ ਬਾਵਜੂਦ ਘੱਟ ਹੀ ਫਲਸਤੀਨੀ ਲੋਕ ਉੱਤਰੀ ਗਾਜ਼ਾ ਛੱਡ ਕੇ ਗਏ ਹਨ।
ਛੇ ਫਲਸਤੀਨੀਆਂ ਦੀ ਭੁੱਖਮਰੀ ਕਾਰਨ ਮੌਤ
ਗਾਜ਼ਾ ਪੱਟੀ ਵਿੱਚ 24 ਘੰਟਿਆਂ ਦੌਰਾਨ ਛੇ ਫਲਸਤੀਨੀਆਂ ਦੀ ਕੁਪੋਸ਼ਣ ਅਤੇ ਭੁੱਖਮਰੀ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਅੱਜ ਦਿੱਤੀ। ਇਨ੍ਹਾਂ ਮੌਤਾਂ ਨਾਲ ਜੂਨ ਤੋਂ ਲੈ ਕੇ ਹੁਣ ਤੱਕ ਕੁਪੋਸ਼ਣ ਸਬੰਧੀ ਕਾਰਨਾਂ ਕਰ ਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 259 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਅਕਤੂਬਰ 2023 ਜਦੋਂ ਜੰਗ ਸ਼ੁਰੂ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੁਪੋਸ਼ਣ ਸਬੰਧੀ ਕਾਰਨਾਂ ਕਰ ਕੇ ਮਰਨ ਵਾਲੇ ਬੱਚਿਆਂ ਦੀ ਗਿਣਤੀ 140 ਤੱਕ ਪਹੁੰਚ ਚੁੱਕੀ ਹੈ।