ਮਾਨਵੀ ਸਹਾਇਤਾ ਲੈ ਕੇ ਗਾਜ਼ਾ ਜਾ ਰਹੀ ਗ੍ਰੇਟਾ ਥੁਨਬਰਗ ਤੇ ਹੋਰਨਾਂ ਕਾਰਕੁਨਾਂ ਨੂੰ ਇਜ਼ਰਾਇਲ ਮੋੜਿਆ
Gaza-bound aid boat carrying Greta Thunberg and other activists diverted to Israel
ਯੋਰੋਸ਼ਲਮ, 9 ਜੂਨ
ਇਜ਼ਰਾਇਲੀ ਫੌਜ ਨੇ ਸੋਮਵਾਰ ਤੜਕੇ ਗ੍ਰੇਟਾ ਥਨਬਰਗ (Greta Thunberg) ਅਤੇ ਹੋਰ ਕਾਰਕੁਨਾਂ ਨੂੰ ਲੈ ਕੇ ਗਾਜ਼ਾ ਜਾ ਰਹੀ ਕਿਸ਼ਤੀ ਨੂੰ ਰੋਕ ਕੇ ਇਜ਼ਰਾਈਲ ਵੱਲ ਮੋੜ ਦਿੱਤਾ ਹੈ। ਇਸ ਕਿਸ਼ਤੀ ਵਿਚ ਖਾਣ ਪੀਣ ਤੇ ਫਲਸਤੀਨੀ ਲੋਕਾਂ ਦੀ ਸਹਾਇਤਾ ਲਈ ਹੋਰ ਸਾਮਾਨ ਸੀ। ਇਸ ਨਾਲ ਫਲਸਤੀਨੀ ਖੇਤਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨਾਕਾਬੰਦੀ ਲਾਗੂ ਹੋ ਗਈ ਹੈ, ਜੋ ਹਮਾਸ ਨਾਲ ਜੰਗ ਦੌਰਾਨ ਸਖ਼ਤ ਕਰ ਦਿੱਤੀ ਗਈ ਸੀ।
ਵਿਦੇਸ਼ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਇਕ ਸੈਲਫੀ ਯੈਚ (ਕਿਸ਼ਤੀ) ਜਿਸ ਵਿਚ ਕੁਝ ਹਸਤੀਆਂ ਸਵਾਰ ਹਨ, ਸੁਰੱਖਿਅਤ ਢੰਗ ਨਾਲ ਇਜ਼ਰਾਈਲ ਦੇ ਸਾਹਿਲ ’ਤੇ ਪਹੁੰਚ ਰਹੀ ਹੈ। ਯਾਤਰੀਆਂ ਦੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਉਮੀਦ ਹੈ।’’ ਪੋਸਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਮੌਜੂਦ ਮਾਨਵੀ ਸਹਾਇਤਾ ਨੂੰ ਸਥਾਪਿਤ ਚੈਨਲਾਂ ਰਾਹੀਂ ਗਾਜ਼ਾ ਭੇਜਿਆ ਜਾਵੇਗਾ।
ਮੰਤਰਾਲੇ ਨੇ ਮਗਰੋਂ ਇਕ ਫੁਟੇਜ ਜਾਰੀ ਕੀਤੀ ਜਿਸ ਵਿਚ ਇਜ਼ਰਾਈਲੀ ਸੁਰੱਖਿਆ ਬਲ ਕਾਰਕੁਨਾਂ, ਜਿਨ੍ਹਾਂ ਸੰਤਰੀ ਲਾਈਫ ਜੈਕਟਾਂ ਪਾਈਆਂ ਹੋਈਆਂ ਹਨ, ਨੂੰ ਸੈਂਡਵਿਚ ਅਤੇ ਪਾਣੀ ਵੰਡਦੇ ਹੋਏ ਦਿਖਾਈ ਦੇ ਰਹੇ ਹਨ। ਫ੍ਰੀਡਮ ਫਲੋਟਿਲਾ ਗੱਠਜੋੜ (The Freedom Flotilla Coalition) ਜਿਸ ਨੇ ਗਾਜ਼ਾ ਪੱਟੀ ਨੂੰ ਮਾਨਵੀ ਸਹਾਇਤਾ ਪਹੁੰਚਾਉਣ ਅਤੇ ਇਜ਼ਰਾਈਲ ਦੀ ਨਾਕਾਬੰਦੀ ਅਤੇ ਜੰਗ ਸਮੇਂ ਦੇ ਰਵੱਈਏ ਦਾ ਵਿਰੋਧ ਕਰਨ ਲਈ ਇਹ ਯਾਤਰਾ ਵਿਉਂਤੀ ਸੀ, ਨੇ ਕਿਹਾ ਕਿ ਕਾਰਕੁਨਾਂ ਨੂੰ ‘ਇਜ਼ਰਾਇਲੀ ਫੌਜ ਵੱਲੋਂ ਅਗਵਾ’ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਸੁਨੇਹੇ ਜਾਰੀ ਕੀਤੇ ਸਨ।
ਵਾਤਾਵਰਨ ਤਬਦੀਲੀ ਖਿਲਾਫ਼ ਮੁਹਿੰਮ ਚਲਾਉਣ ਵਾਲੀ ਥਨਬਰਗ ਉਨ੍ਹਾਂ 12 ਕਾਰਕੁਨਾਂ ਵਿਚ ਸ਼ਾਮਲ ਸੀ, ਜੋ ਮੈਡਲੀਨ ਜਹਾਜ਼ ’ਤੇ ਸਵਾਰ ਸਨ। ਇਹ ਜਹਾਜ਼ ਇਕ ਹਫ਼ਤਾ ਪਹਿਲਾਂ ਸਿਸਿਲੀ ਤੋਂ ਰਵਾਨਾਂ ਹੋਇਆ ਸੀ। ਰਸਤੇ ਵਿਚ ਇਹ ਜਹਾਜ਼ ਵੀਰਵਾਰ ਨੂੰ ਚਾਰ ਪਰਵਾਸੀਆਂ ਨੂੰ ਬਚਾਉਣ ਲਈ ਰੁਕਿਆ ਸੀ, ਜਿਨ੍ਹਾਂ ਲੀਬਿਆਈ ਤੱਟ ਰੱਖਿਅਕਾਂ ਵੱਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਚਣ ਲਈ ਜਹਾਜ਼ ਤੋਂ ਛਾਲ ਮਾਰ ਦਿੱੱਤੀ ਸੀ। ਯੂ
ਰਪੀਅਨ ਸੰਸਦ ਦੀ ਫਰਾਂਸੀਸੀ ਮੈਂਬਰ ਰੀਮਾ ਹਸਨ, ਜੋ ਫਲਸਤੀਨੀ ਮੂਲ ਦੀ ਹੈ, ਵੀ ਜਹਾਜ਼ ’ਤੇ ਸਵਾਰ ਵਲੰਟੀਅਰਾਂ ਵਿੱਚ ਸ਼ਾਮਲ ਸੀ। ਫਲਸਤੀਨੀਆਂ ਪ੍ਰਤੀ ਇਜ਼ਰਾਈਲੀ ਨੀਤੀਆਂ ਦੇ ਵਿਰੋਧ ਕਾਰਨ ਉਸ ਨੂੰ ਇਜ਼ਰਾਈਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। -ਏਪੀ