ਇਜ਼ਰਾਈਲ ਵੱਲੋਂ ਯਮਨ ਦੇ ਹੂਤੀ ਬਾਗ਼ੀਆਂ ’ਤੇ ਹਵਾਈ ਹਮਲੇ
ਦੁਬਈ, 7 ਜੁਲਾਈ
ਇਜ਼ਰਾਇਲੀ ਫੌਜ ਨੇ ਯਮਨ ਦੇ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੀਆਂ ਬੰਦਰਗਾਹਾਂ ਅਤੇ ਹੋਰ ਕੇਂਦਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਤੜਕੇ ਹਵਾਈ ਹਮਲੇ ਕੀਤੇ। ਹੂਤੀ ਬਾਗ਼ੀਆਂ ਨੇ ਇਸ ਦੇ ਜਵਾਬ ’ਚ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਦਾਗ਼ੀ ਪਰ ਉਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇਹ ਹਮਲੇ ਉਦੋਂ ਹੋਏ ਜਦੋਂ ਐਤਵਾਰ ਨੂੰ ਲਾਲ ਸਾਗਰ ’ਚ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ ’ਤੇ ਹਮਲੇ ਮਗਰੋਂ ਅੱਗ ਲੱਗ ਗਈ ਸੀ ਅਤੇ ਬੇੜੇ ਦੇ ਅਮਲੇ ਨੂੰ ਜਾਨ ਬਚਾਅ ਕੇ ਉਥੋਂ ਨਿਕਲਣਾ ਪਿਆ ਸੀ। ਹਮਲੇ ਦਾ ਸ਼ੱਕ ਹੂਤੀ ਬਾਗ਼ੀਆਂ ’ਤੇ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੀਆਂ ਬੰਦਰਗਾਹਾਂ ਹੋਦੈਦਾ, ਰਾਸ ਈਸਾ ਤੇ ਸੈਲਿਫ਼ ਅਤੇ ਰਾਸ ਕਨਾਤਿਬ ਪਾਵਰ ਪਲਾਂਟ ’ਤੇ ਹਮਲੇ ਕੀਤੇ। ਉਨ੍ਹਾਂ ਐੱਫ-16 ਵੱਲੋਂ ਯਮਨ ’ਚ ਹਮਲੇ ਦਾ ਫੁਟੇਜ ਵੀ ਜਾਰੀ ਕੀਤਾ ਹੈ। ਫੌਜ ਨੇ ਕਿਹਾ ਕਿ ਇਨ੍ਹਾਂ ਬੰਦਰਗਾਹਾਂ ਦੀ ਵਰਤੋਂ ਹੂਤੀ ਦਹਿਸ਼ਤਗਰਦਾਂ ਵੱਲੋਂ ਇਰਾਨ ਤੋਂ ਹਥਿਆਰ ਮੰਗਵਾਉਣ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਉਹ ਇਜ਼ਰਾਈਲ ਅਤੇ ਉਨ੍ਹਾਂ ਦੇ ਭਾਈਵਾਲਾਂ ’ਤੇ ਹਮਲਿਆਂ ਲਈ ਕਰਦੇ ਹਨ। ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਹੂਤੀਆਂ ਦੇ ਕਬਜ਼ੇ ਵਾਲੇ ਜਹਾਜ਼ ‘ਗਲੈਕਸੀ ਲੀਡਰ’ ਨੂੰ ਵੀ ਨਿਸ਼ਾਨਾ ਬਣਾਇਆ ਜਿਸ ’ਤੇ ਰਾਡਾਰ ਪ੍ਰਣਾਲੀ ਲੱਗੀ ਹੋਈ ਸੀ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਧਮਕੀ ਦਿੱਤੀ ਹੈ ਕਿ ਜੇ ਹੂਤੀ ਬਾਜ਼ ਨਾ ਆਏ ਤਾਂ ਹੋਰ ਹਮਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਇਜ਼ਰਾਈਲ ਖ਼ਿਲਾਫ਼ ਹੱਥ ਚੁੱਕੇਗਾ, ਉਸ ਨੂੰ ਕੱਟ ਦਿੱਤਾ ਜਾਵੇਗਾ ਅਤੇ ਹੂਤੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਮਗਰੋਂ ਹੂਤੀਆਂ ਨੇ ਇਜ਼ਰਾਈਲ ’ਤੇ ਮਿਜ਼ਾਈਲ ਨਾਲ ਹਮਲਾ ਕੀਤਾ ਜਿਸ ਨੂੰ ਹਵਾ ’ਚ ਫੁੰਡਣ ਦੀ ਕੋਸ਼ਿਸ਼ ਕੀਤੀ ਗਈ। -ਏਪੀ