ਇਜ਼ਰਾਈਲ ਨੇ ਗਾਜ਼ਾ ’ਤੇ ਹਮਲੇ ਤੇਜ਼ ਕੀਤੇ, 32 ਹਲਾਕ
ਇਜ਼ਰਾਈਲ ਨੇ ਗਾਜ਼ਾ ਸ਼ਹਿਰ ’ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਵਾਈ ਹਮਲਿਆਂ ਵਿੱਚ ਵਿੱਚ ਘੱਟੋ-ਘੱਟ 32 ਵਿਅਕਤੀ ਹਲਾਕ ਹੋ ਗਏ। ਇਜ਼ਰਾਈਲ ਨੇ ਫਲਸਤੀਨੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਕਿਹਾ ਹੈ। ਸ਼ਿਫਾ ਹਸਪਤਾਲ ਦੇ ਮੁਰਦਾਘਰ ਦੇ ਰਿਕਾਰਡ ਅਨੁਸਾਰ ਮਰਨ ਵਾਲਿਆਂ ਵਿੱਚ 12 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਲਾਸ਼ਾਂ ਉੱਥੇ ਲਿਆਂਦੀਆਂ ਗਈਆਂ। ਹਾਲ ਹੀ ਦੇ ਦਿਨਾਂ ਵਿੱਚ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਉਸ ਨੇ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਹਮਾਸ ’ਤੇ ਇਨ੍ਹਾਂ ਇਮਾਰਤਾਂ ਵਿੱਚ ਨਿਗਰਾਨੀ ਉਪਕਰਨ ਲਗਾਉਣ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਨੇ ਇੱਥੋਂ ਦੇ ਵਸਨੀਕਾਂ ਨੂੰ ਸ਼ਹਿਰ ਛੱਡਣ ਦਾ ਆਦੇਸ਼ ਦਿੱਤਾ ਹੈ। ਇਹ ਹਮਾਸ ਦੇ ਆਖਰੀ ਗੜ੍ਹ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਉਦੇਸ਼ ਨਾਲ ਕੀਤੀ ਗਈ ਕਾਰਵਾਈ ਦਾ ਹਿੱਸਾ ਹੈ। ਇਸ ਇਲਾਕੇ ਵਿੱਚ ਲੱਖਾਂ ਲੋਕ ਅਜੇ ਵੀ ਭੁੱਖਮਰੀ ਨਾਲ ਜੂਝ ਰਹੇ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਤੋਂ ਲੈ ਕੇ ਅੱਜ ਸਵੇਰ ਤੱਕ ਹੋਏ ਹਮਲਿਆਂ ਵਿੱਚ ਸ਼ੇਖ ਰਾਦਵਾਨ ਇਲਾਕੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਇੱਕ ਪਰਿਵਾਰ ਦੇ 10 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਉਸ ਦੇ ਤਿੰਨ ਬੱਚੇ ਵੀ ਸ਼ਾਮਲ ਸਨ।
ਸ਼ਹਿਰ ਛੱਡਣ ਵਾਲਿਆਂ ਦੀ ਗਿਣਤੀ ਵਧਣ ਲੱਗੀ
ਸਹਾਇਤਾ ਅਮਲੇ ਮੁਤਾਬਕ, ਸ਼ਹਿਰ ਖਾਲੀ ਕਰਨ ਦੀਆਂ ਅਪੀਲਾਂ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਸ਼ਹਿਰ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹਾਲਾਂਕਿ, ਬਹੁਤ ਸਾਰੇ ਪਰਿਵਾਰ ਅਜੇ ਵੀ ਫਸੇ ਹੋਏ ਹਨ, ਕਿਉਂਕਿ ਆਵਾਜਾਈ ਅਤੇ ਰਹਿਣ ਲਈ ਘਰ ਲੱਭਣ ਦਾ ਖਰਚਾ ਬਹੁਤ ਜ਼ਿਆਦਾ ਹੈ। ਸੋਸ਼ਲ ਮੀਡੀਆ ’ਤੇ ਅੱਜ ਪਾਏ ਇੱਕ ਸੁਨੇਹੇ ਵਿੱਚ, ਇਜ਼ਰਾਇਲੀ ਫੌਜ ਨੇ ਗਾਜ਼ਾ ਸ਼ਹਿਰ ਵਿੱਚ ਬਾਕੀ ਬਚੇ ਫਲਸਤੀਨੀਆਂ ਨੂੰ ਤੁਰੰਤ ਸ਼ਹਿਰ ਛੱਡ ਕੇ ਦੱਖਣ ਵੱਲ ਜਾਣ ਲਈ ਕਿਹਾ ਹੈ। ਫੌਜ ਦੇ ਤਰਜਮਾਨ ਅਵਿਚੇ ਅਦਰਾਈ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਆਸ-ਪਾਸ ਉੱਤਰੀ ਗਾਜ਼ਾ ਦੇ ਇਲਾਕੇ ਵਿੱਚ ਰਹਿਣ ਵਾਲੇ ਲਗਪਗ 10 ਲੱਖ ਲੋਕਾਂ ਵਿੱਚੋਂ ਇੱਕ ਚੌਥਾਈ ਤੋਂ ਵੱਧ ਲੋਕ ਸ਼ਹਿਰ ਛੱਡ ਚੁੱਕੇ ਹਨ।