ISRAEL-GAZA WAR: ਗਾਜ਼ਾ ’ਤੇ ਕਬਜ਼ਾ ਕਰਨਾ ਨਹੀਂ ਬਲਕਿ ਇਸ ਨੂੰ ਆਜ਼ਾਦ ਕਰਵਾਉਣਾ ਸਾਡਾ ਟੀਚਾ: ਨੇਤਨਯਾਹੂ
ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਗਾਜ਼ਾ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਇਕ ਵਿੱਚ ਸੈਨਾ ਦੀ ਨਵੀਂ ਕਾਰਵਾਈ ਦਾ ਬਚਾਅ ਕਰਦਿਆ ਕਿਹਾ ਕਿ ਇਜ਼ਰਾਈਲ ਕੋਲ ਕੰਮ ਖ਼ਤਮ ਕਰਨ ਅਤੇ ਹਮਾਸ ਨੁੂੰ ਹਰਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।
ਉਨ੍ਹਾਂ ਨੇ ਗਾਜ਼ਾ ’ਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਤੋਂ ਕੁਝ ਮਿੰਟ ਪਹਿਲਾਂ ਵਿਦੇਸ਼ੀ ਮੀਡੀਆ ਨਾਲ ਗੱਲ ਕੀਤੀ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲੀ ਫੌਜ ਨੂੰ ਹਾਲ ਹੀ ਦੇ ਦਿਨਾਂ ਵਿੱਚ "ਹੋਰ ਵਿਦੇਸ਼ੀ ਪੱਤਰਕਾਰਾਂ ਨੂੰ ਲਿਆਉਣ" ਦੇ ਨਿਰਦੇਸ਼ ਦਿੱਤੇ ਹਨ। ਇਹ ਇੱਕ ਅਹਿਮ ਕਦਮ ਹੈ ਕਿਉਂਕਿ ਉਨ੍ਹਾਂ ਨੂੰ 22 ਮਹੀਨਿਆਂ ਦੀ ਜੰਗ ਦੌਰਾਨ ਫੌਜੀ ਟਿਕਾਣਿਆਂ ਤੋਂ ਇਲਾਵਾ ਗਾਜ਼ਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਨੇਤਨਯਾਹੂ ਨੇ ਕਿਹਾ, “ਸਾਡਾ ਟੀਚਾ ਗਾਜ਼ਾ ‘ਤੇ ਕਬਜ਼ਾ ਕਰਨਾ ਨਹੀਂ, ਸਾਡਾ ਟੀਚਾ ਗਾਜ਼ਾ ਨੂੰ ਆਜ਼ਾਦ ਕਰਵਾਉਣਾ ਹੈ।” ਉਨ੍ਹਾਂ ਕਿਹਾ ਕਿ ਇਜ਼ਰਾਈਲ ਵਿਰੁੱਧ ਝੂਠੇ ਪ੍ਰਚਾਰ ਦੀ ਇੱਕ ਵਿਸ਼ਵਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ। ਗਾਜ਼ਾ ਵਿੱਚ ਅਗਲਾ ਫੈ਼ਸਲਾ ਲੈਣ ਲਈ ਉਨ੍ਹਾਂ ਕੋਲ ਬਹੁਤ ਘੱਟ ਸਮਾਂ ਹੈ।
ਨੇਤਨਯਾਹੂ ਨੇ ਗਾਜ਼ਾ ਦੀਆਂ ਕਈ ਸਮੱਸਿਆਵਾਂ ਲਈ ਅਤਿਵਾਦੀ ਸਮੂਹ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ,“ਗਾਜ਼ਾ ਵਿੱਚ ਹਾਲੇ ਵੀ ਹਜ਼ਾਰਾਂ ਹਥਿਆਰਬੰਦ ਹਮਾਸ ਅਤਿਵਾਦੀ ਹਨ। ਫਲਸਤੀਨੀ ਲੋਕ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ‘ਭੀਖ’ ਮੰਗ ਰਹੇ ਹਨ।’’ ਹਾਲਾਂਕਿ ਇਸ ਦੌਰਾਨ ਨੇਤਨਯਾਹੂ ਨੇ ਗਾਜ਼ਾ ਵਿੱਚ ਭੁੱਖਮਰੀ ਦੀ ਸਮੱਸਿਆ ਨੁੂੰ ਵੀ ਸਵੀਕਾਰ ਕੀਤਾ।