ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ ਘੱਟੋ-ਘੱਟ 25 ਜਣਿਆਂ ਦੀ ਮੌਤ ਹੋ ਗਈ। ਜੰਗਬੰਦੀ ਬਾਰੇ ਗੱਲਬਾਤ ਠੱਪ ਹੋ ਗਈ ਹੈ ਅਤੇ ਫਲਸਤੀਨੀ ਅਕਾਲ ਦਾ ਸਾਹਮਣਾ ਕਰ ਰਹੇ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਇਜ਼ਰਾਈਲ ਨਾਲ ਲੱਗਦੀ ਜ਼ਿਕਿਮ ਸਰਹੱਦ ਨੇੜੇ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਲੋਕਾਂ ’ਤੇ ਕੀਤੀ ਗਈ ਗੋਲੀਬਾਰੀ ਵਿੱਚ ਹੋਈਆਂ ਹਨ। ਲਾਸ਼ਾਂ ਸ਼ਿਫਾ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਹਨ। ਹਾਲਾਂਕਿ, ਤਾਜ਼ਾ ਗੋਲੀਬਾਰੀ ਸਬੰਧੀ ਅਪੀਲ ਦੇ ਬਾਵਜੂਦ ਇਜ਼ਰਾਈਲ ਦੀ ਫੌਜ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ।
ਹਸਪਤਾਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਗਾਜ਼ਾ ਸਿਟੀ ਦੇ ਇੱਕ ਅਪਾਰਟਮੈਂਟ ਦੀ ਇਮਾਰਤ ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ। ਹਮਲਾ ਅਜਿਹੇ ਸਮੇਂ ਹੋਇਆ, ਜਦੋਂ ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗਬੰਦੀ ਬਾਰੇ ਗੱਲਬਾਤ ਅਮਰੀਕਾ ਤੇ ਇਜ਼ਰਾਈਲ ਵੱਲੋਂ ਵੀਰਵਾਰ ਨੂੰ ਆਪਣੀਆਂ ਵਾਰਤਾ ਟੀਮਾਂ ਨੂੰ ਵਾਪਸ ਬੁਲਾਏ ਜਾਣ ਮਗਰੋਂ ਠੱਪ ਹੋ ਗਈ ਹੈ। ਇਸ ਨਾਲ ਗੱਲਬਾਤ ਬਾਰੇ ਬੇਯਕੀਨੀ ਵਧ ਗਈ ਹੈ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਸ ਦੀ ਸਰਕਾਰ ਹਮਾਸ ਨਾਲ ਜੰਗਬੰਦੀ ਗੱਲਬਾਤ ਲਈ ‘ਬਦਲਵੇਂ ਵਿਕਲਪਾਂ’ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਹਮਾਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਗਲੇ ਹਫ਼ਤੇ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਜ਼ਰਾਇਲੀ ਤੇ ਅਮਰੀਕੀ ਵਫ਼ਦਾਂ ਨੂੰ ਵਾਪਸ ਬੁਲਾਏ ਜਾਣ ਨੂੰ ਦਬਾਅ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।