ਫ਼ਲਸਤੀਨ ਵੱਲੋਂ 6 ਇਜ਼ਰਾਇਲੀ ਬੰਧਕ ਰਿਹਾਅ, ਇਜ਼ਰਾਈਲ ਨੇ ਸੈਂਕੜੇ ਫ਼ਲਸਤੀਨੀ ਕੈਦੀਆਂ ਦੀ ਰਿਹਾਈ ਰੋਕੀ
ਤਲ ਅਵੀਵ, 23 ਫਰਵਰੀ
Israel delays release of Palestinian prisoners ਗਾਜ਼ਾ ਵਿਚ ਛੇ ਇਜ਼ਰਾਇਲੀ ਬੰਧਕਾਂ ਨੂੰ ਸੌਂਪਣ ਮੌਕੇ ਉਨ੍ਹਾਂ ਦਾ ਅਪਮਾਨ ਕੀਤੇ ਜਾਣ ਦੇ ਹਵਾਲੇ ਨਾਲ ਇਜ਼ਰਾਈਲ ਨੇ ਅਗਲੇ ਬੰਧਕਾਂ ਦੀ ਰਿਹਾਈ ਦਾ ਭਰੋਸਾ ਮਿਲਣ ਤੱਕ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਇਹ ਬਿਆਨ ਐਤਵਾਰ ਸਵੇਰੇ ਉਦੋਂ ਆਇਆ ਜਦੋਂ ਕੈਦੀਆਂ ਨੂੰ ਲਿਜਾ ਰਹੀਆਂ ਗੱਡੀਆਂ ਓਫਰ ਜੇਲ੍ਹ ਦੇ ਖੁੱਲ੍ਹੇ ਦਰਵਾਜ਼ਿਆਂ ਤੋਂ ਬਾਹਰ ਨਿਕਲੀਆਂ, ਪਰ ਵਾਪਸ ਅੰਦਰ ਚਲੀਆਂ ਗਈਆਂ।
ਸ਼ਨਿੱਚਰਵਾਰ ਨੂੰ 620 ਫਲਸਤੀਨੀ ਕੈਦੀਆਂ ਦੀ ਰਿਹਾਈ ਛੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਤੋਂ ਬਾਅਦ ਹੋਣੀ ਸੀ। ਗਾਜ਼ਾ ਜੰਗਬੰਦੀ ਦੇ ਪਹਿਲੇ ਪੜਾਅ ਵਿੱਚ ਇਕ ਦਿਨ ਵਿਚ ਸਭ ਤੋਂ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਸੀ। ਸ਼ਨਿੱਚਰਵਾਰ ਨੂੰ ਰਿਹਾਅ ਕੀਤੇ ਗਏ ਛੇ ਬੰਧਕਾਂ ਵਿੱਚੋਂ ਪੰਜ ਨੂੰ ਹਜੂਮ ਸਾਹਮਣੇ ਪੇਸ਼ ਕਰਨ ਮੌਕੇ ਨਕਾਬਪੋਸ਼, ਹਥਿਆਰਬੰਦ ਅਤਿਵਾਦੀਆਂ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਸੀ, ਜਿਸ ਦੀ ਸੰਯੁਕਤ ਰਾਸ਼ਟਰ ਅਤੇ ਹੋਰਨਾਂ ਨੇ ਆਲੋਚਨਾ ਕੀਤੀ ਹੈ। ਹਮਾਸ ਨੇ ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਉਮੀਦ ਮੁਤਾਬਕ ਛੇ ਜ਼ਿੰਦਾ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਸੀ, ਜਦੋਂ ਕਿ ਸ਼ੁਰੂਆਤੀ ਪੜਾਅ ਵਿਚ ਇੱਕ ਹਫ਼ਤਾ ਬਾਕੀ ਸੀ। ਇਜ਼ਰਾਈਲ ਦੇ ਉਪਰੋਕਤ ਐਲਾਨ ਨੇ ਜੰਗਬੰਦੀ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ।
ਹਮਾਸ ਨੇ ਜਿਨ੍ਹਾਂ ਛੇ ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕੀਤਾ ਹੈ ਉਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਨੋਵਾ ਸੰਗੀਤ ਮੇਲੇ ਦੌਰਾਨ ਅਗਵਾ ਕੀਤਾ ਗਿਆ ਹੈ ਜਦੋਂ ਕਿ ਚੌਥੇ ਨੂੰ ਦੱਖਣੀ ਇਜ਼ਰਾਈਲ ਵਿਚ ਪਰਿਵਾਰ ਨੂੰ ਮਿਲਣ ਮੌਕੇ ਕਾਬੂ ਕੀਤਾ ਸੀ। ਜਦੋਂਕਿ ਬਾਕੀ ਦੋ ਜਣੇ ਪਿਛਲੇ ਇਕ ਦਹਾਕੇ ਤੋਂ ਉਨ੍ਹਾਂ ਦੀ ਗ੍ਰਿਫ਼ਤ ਵਿਚ ਸਨ ਤੇ ਆਪਣੀ ਮਰਜ਼ੀ ਨਾਲ ਗਾਜ਼ਾ ਵਿਚ ਦਾਖ਼ਲ ਹੋਏ ਸਨ। ਏਪੀ