ਇਜ਼ਰਾਈਲ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਇਕ ਐਮਰਜੈਂਸੀ ਮੀਟਿੰਗ ਸੱਦ ਕੇ ਆਪਣੇ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ। ਇਜ਼ਰਾਈਲ ਨੇ ਬੰਦੀਆਂ ਦੀ ਹਾਲਤ ਨੂੰ ਦੇਖਦੇ ਹੋਏ ਇਹ ਮੀਟਿੰਗ ਸੱਦੀ ਸੀ। ਦਰਅਸਲ, ਹਾਲ ਹੀ ਵਿੱਚ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਬੰਦੀ ਡੇਵਿਡ ਨੂੰ ਆਪਣੀ ਹੀ ਕਬਰ ਖੋਦਦੇ ਹੋਏ ਦੇਖਿਆ ਜਾ ਸਕਦਾ ਹੈ। ਨਾ ਸਿਰਫ਼ ਫ਼ਲਸਤੀਨੀਆਂ ਨੇ ਬਲਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜ਼ਿਆਦਾਤਰ ਮੈਂਬਰਾਂ ਨੇ ਗਾਜ਼ਾ ਵਿੱਚ ਦੋ ਮਹੀਨੇ ਤੋਂ ਜਾਰੀ ਨਾਕੇਬੰਦੀ ਅਤੇ ਸੰਘਰਸ਼ ਨਾਲ ਜੂਝ ਰਹੇ ਖੇਤਰ ਵਿੱਚ ਲੋੜੀਂਦਾ ਭੋਜਨ ਨਾ ਪਹੁੰਚਾਉਣ ਦੇਣ ਵਾਸਤੇ ਇਜ਼ਰਾਇਲੀ ਸਰਕਾਰ ਅਤੇ ਫੌਜ ਨੂੰ ਦੋਸ਼ੀ ਠਹਿਰਾਇਆ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 100 ਤੋਂ ਵੱਧ ਲੋਕਾਂ ਦੀ ਭੁੱਖਮਰੀ ਕਾਰਨ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਕਈ ਬੱਚੇ ਸ਼ਾਮਲ ਹਨ। ਉੱਧਰ, ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਓਨ ਸਾਰ ਨੇ ਕੌਂਸਲ ਦੇ ਕੁਝ ਹੋਰ ਮੈਂਬਰਾਂ ਦੇ ਨਾਲ ਹੀ ਕੌਮਾਂਤਰੀ ਮੀਡੀਆ ’ਤੇ ‘ਝੂਠ ਫੈਲਾਉਣ’ ਦਾ ਦੋਸ਼ ਲਗਾਇਆ। ਉਹ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਆਏ ਹਨ। ਉਨ੍ਹਾਂ ਕਿਹਾ ਕਿ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਵਿੱਚ ਹੋਏ ਹਮਲੇ ਤੋਂ ਬਾਅਦ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਭੁੱਖਾ ਰੱਖਿਆ ਗਿਆ ਜਦਕਿ ਅਤਿਵਾਦੀ ਮਾਸ, ਮੱਛੀ ਅਤੇ ਸਬਜ਼ੀਆਂ ਖਾ ਰਹੇ ਹਨ। ਸਾਰ ਨੇ ਦਾਅਵਾ ਕੀਤਾ ਕਿ ਇਜ਼ਰਾਈਲ, ਗਾਜ਼ਾ ਵਿੱਚ ਭਾਰੀ ਮਾਤਰਾ ’ਚ ਸਹਾਇਤਾ ਸਮੱਗਰੀ ਪਹੁੰਚਣ ਦੇ ਰਿਹਾ ਹੈ ਪਰ ਹਮਾਸ ਉਸ ਖੁਰਾਕ ਸਮੱਗਰੀ ਨੂੰ ਲੁੱਟ ਰਿਹਾ ਹੈ ਅਤੇ ਉਸ ਨੂੰ ਵੇਚ ਕੇ ਕਮਾਈ ਕਰ ਰਿਹਾ ਹੈ। ਹਾਲਾਂਕਿ, ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ। ਇਜ਼ਰਾਈਲ ਦੇ ਸਿਖਰਲੇ ਡਿਪਲੋਮੈਟ ਨੇ ਇਹ ਦੋਸ਼ ਵੀ ਲਗਾਇਆ ਕਿ ਹਮਾਸ, ਇਜ਼ਰਾਈਲ ਨਾਲ ਜੰਗ ਜਾਰੀ ਰੱਖਣਾ ਚਾਹੁੰਦਾ ਹੈ ਨਾ ਕਿ ਉਹ ਜੰਗਬੰਦੀ ਲਈ ਤਿਆਰ ਹੈ।
Advertisement
ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ’ਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਓਨ, ਬੰਦੀ ਦੀ ਤਸਵੀਰ ਦਿਖਾਉਂਦੇ ਹੋਏ। -ਫੋਟੋ: ਰਾਇਟਰਜ਼
Advertisement
Advertisement
Advertisement
×