ਇਜ਼ਰਾਈਲ ਵੱਲੋਂ ਰਾਤ ਵੇਲੇ ਗਾਜ਼ਾ ’ਤੇ ਬੰਬਾਰੀ; 34 ਲੋਕਾਂ ਦੀ ਮੌਤ
ਇਜ਼ਰਾਈਲ ਨੇ ਗਾਜ਼ਾ ਸ਼ਹਿਰ ’ਤੇ ਰਾਤ ਭਰ ਭਾਰੀ ਹਵਾਈ ਹਮਲੇ ਕੀਤੇ, ਜਿਸ ਵਿੱਚ ਬੱਚਿਆਂ ਸਣੇ 34 ਲੋਕ ਮਾਰੇ ਗਏ। ਇਜ਼ਰਾਈਲ ਦਾ ਇਹ ਹਮਲਾ ਕਈ ਦੇਸ਼ਾਂ ਵੱਲੋਂ ਫਲਸਤੀਨੀ ਸੂਬੇ ਨੂੰ ਮਾਨਤਾ ਦੇਣ ਦੀਆਂ ਤਿਆਰੀਆਂ ਦੌਰਾਨ ਹੋਇਆ ਹੈ।
ਸ਼ਿਫਾ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 14 ਲੋਕ ਸ਼ਾਮਲ ਹਨ ਜੋ ਸ਼ਨੀਵਾਰ ਦੇਰ ਰਾਤ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਇੱਕ ਰਿਹਾਇਸ਼ੀ ਖੇਤਰ ਵਿੱਚ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਸਨ।
ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹ ਹਮਾਸ ਦੇ ਫੌਜੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਉਸਨੇ ਫਲਸਤੀਨੀਆਂ ਨੂੰ ਉੱਥੋਂ ਚਲੇ ਜਾਣ ਦੀ ਅਪੀਲ ਕੀਤੀ ਹੈ।
ਇਹ ਹਮਲਾ ਉਦੋਂ ਹੋਇਆ ਜਦੋਂ ਕੁਝ ਪ੍ਰਮੁੱਖ ਪੱਛਮੀ ਦੇਸ਼ ਵਿਸ਼ਵ ਨੇਤਾਵਾਂ ਦੇ ਇਕੱਠ ਦੌਰਾਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਇੱਕ ਫਲਸਤੀਨੀ ਸੂਬੇ ਨੂੰ ਮਾਨਤਾ ਦੇਣ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ ਵਿੱਚ ਬ੍ਰਿਟੇਨ, ਫਰਾਂਸ, ਕੈਨੇਡਾ, ਆਸਟ੍ਰੇਲੀਆ, ਮਾਲਟਾ, ਬੈਲਜੀਅਮ ਅਤੇ ਲਕਸਮਬਰਗ ਸ਼ਾਮਲ ਸਨ।
ਇਜ਼ਰਾਈਲ ਨੇ ਦੇਰ ਰਾਤ ਹੋਏ ਹਮਲਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਇੱਕ ਬਿਆਨ ਵਿੱਚ ਫੌਜ ਨੇ ਹਮਾਸ ਦੇ ਫੌਜੀ ਵਿੰਗ ਦੇ ਇੱਕ ਸਨਾਈਪਰ ਮਾਜੇਦ ਅਬੂ ਸੇਲਮੀਆ ਨੂੰ ਮਾਰਨ ਦਾ ਦਾਅਵਾ ਕੀਤਾ ਜੋ ਗਾਜ਼ਾ ਸਿਟੀ ਖੇਤਰ ਵਿੱਚ ਹੋਰ ਹਮਲੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਸੀ।