ਇਜ਼ਰਾਇਲੀ ਫ਼ੌਜੀਆਂ ਨੇ ਦੱਖਣੀ ਲਿਬਨਾਨ ਦੇ ਸਰਹੱਦੀ ਪਿੰਡ ਵਿੱਚ ਸਰਕਾਰੀ ਮਿਉਂਸਿਪਲ ਇਮਾਰਤ ’ਤੇ ਹਮਲਾ ਕਰ ਕੇ ਇੱਕ ਕਰਮਚਾਰੀ ਨੂੰ ਮਾਰ ਦਿੱਤਾ। ਬਲੀਦਾ ਕਸਬੇ ਵਿੱਚ ਵਾਪਰੀ ਇਸ ਘਟਨਾ ਦੀ ਲਿਬਨਾਨੀ ਅਧਿਕਾਰੀਆਂ ਨੇ ਨਿੰਦਾ ਕੀਤੀ ਅਤੇ ਵਸਨੀਕਾਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਜ਼ਰਾਇਲੀ ਫ਼ੌਜ ਨੇ ਬਿਆਨ ਵਿੱਚ ਕਿਹਾ ਕਿ ਫੌਜੀ ਹਿਜ਼ਬੁੱਲ੍ਹਾ ਨਾਲ ਸਬੰਧਤ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਅੰਦਰ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੇ ਇਮਾਰਤ ਦੇ ਅੰਦਰੋਂ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ, ਜਿਸ ਨੂੰ ਉਹ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਖ਼ਤਰੇ ਨੂੰ ਬੇਅਸਰ ਕਰਨ ਲਈ ਗੋਲੀਬਾਰੀ ਕੀਤੀ ਸੀ ਅਤੇ ਇਸ ਘਟਨਾ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਨਾਲ ਇਜ਼ਰਾਈਲ-ਹਿਜ਼ਬੁੱਲ੍ਹਾ ਜੰਗ ਨਾਮਾਤਰ ਹੀ ਰੁਕੀ ਹੈ; ਇਜ਼ਰਾਈਲ ਲਗਭਗ ਹਰ ਰੋਜ਼ ਲਿਬਨਾਨ ’ਤੇ ਹਮਲੇ ਕਰ ਰਿਹਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਹਿਜ਼ਬੁੱਲ੍ਹਾ ਦੇ ਲੜਾਕਿਆਂ, ਸਹੂਲਤਾਂ ਅਤੇ ਹਥਿਆਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਸ ਦੀਆਂ ਫੌਜਾਂ ਨੇ ਸਰਹੱਦ ਦੇ ਲਿਬਨਾਨ ਵਾਲੇ ਪਾਸੇ ਕਈ ਰਣਨੀਤਕ ਥਾਵਾਂ ’ਤੇ ਕਬਜ਼ਾ ਕਰਨਾ ਵੀ ਜਾਰੀ ਰੱਖਿਆ ਹੈ।
ਫਲਸਤੀਨੀ ਅਤਿਵਾਦੀਆਂ ਨੇ ਮਰ ਚੁੱਕੇ ਬੰਧਕਾਂ ਦੀਆਂ ਲਾਸ਼ਾਂ ਵਾਲੇ ਦੋ ਤਾਬੂਤ ਅੱਜ ਗਾਜ਼ਾ ਵਿੱਚ ਰੈੱਡ ਕਰਾਸ ਨੂੰ ਸੌਂਪੇ ਹਨ। ਜੰਗਬੰਦੀ ਸ਼ੁਰੂ ਹੋਣ ਦੇ ਬਾਅਦ ਤੋਂ ਅਤਿਵਾਦੀਆਂ ਨੇ 15 ਬੰਧਕਾਂ ਦੀਆਂ ਲਾਸ਼ਾਂ ਮੋੜੀਆਂ ਹਨ ਅਤੇ 13 ਹੋਰ ਬੰਧਕਾਂ ਦੀਆਂ ਲਾਸ਼ਾਂ ਅਜੇ ਬਰਾਮਦ ਕੀਤੀਆਂ ਜਾਣੀਆਂ ਬਾਕੀ ਹਨ।

