ਗਾਜ਼ਾ ’ਚ ਗੋਲੀਬੰਦੀ ਲਈ ਰਾਜ਼ੀ ਹੋਇਆ ਇਜ਼ਰਾਈਲ: ਟਰੰਪ
ਵਾਸ਼ਿੰਗਟਨ, 2 ਜੁਲਾਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਇਜ਼ਰਾਈਲ, ਗਾਜ਼ਾ ’ਚ 60 ਦਿਨਾਂ ਦੀ ਗੋਲੀਬੰਦੀ ਲਈ ਰਾਜ਼ੀ ਹੋ ਗਿਆ ਹੈ। ਉਨ੍ਹਾਂ ਹਮਾਸ ਨੂੰ ਚਿਤਾਵਨੀ ਦਿੱਤੀ ਕਿ ਹਾਲਾਤ ਹੋਰ ਵਿਗੜਨ ਤੋਂ ਪਹਿਲਾਂ ਉਹ ਸਮਝੌਤੇ ਨੂੰ ਸਵੀਕਾਰ ਕਰ ਲਵੇ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਸੋਮਵਾਰ ਨੂੰ ਵ੍ਹਾਈਟ ਹਾਊਸ ’ਚ ਮੀਟਿੰਗ ਤੋਂ ਪਹਿਲਾਂ ਟਰੰਪ ਦਾ ਇਹ ਬਿਆਨ ਆਇਆ ਹੈ। ਅਮਰੀਕੀ ਆਗੂ ਵੱਲੋਂ ਇਜ਼ਰਾਇਲੀ ਸਰਕਾਰ ਅਤੇ ਹਮਾਸ ’ਤੇ ਗੋਲੀਬੰਦੀ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਮੇਰੇ ਨੁਮਾਇੰਦਿਆਂ ਦੀ ਗਾਜ਼ਾ ਬਾਰੇ ਇਜ਼ਰਾਇਲੀਆਂ ਨਾਲ ਲੰਬੀ ਅਤੇ ਸਾਰਥਕ ਮੀਟਿੰਗ ਹੋਈ। ਇਜ਼ਰਾਈਲ 60 ਦਿਨਾਂ ਦੀ ਗੋਲੀਬੰਦੀ ਲਈ ਸਹਿਮਤ ਹੋ ਗਿਆ ਹੈ, ਜਿਸ ਦੌਰਾਨ ਜੰਗ ਮੁਕੰਮਲ ਤੌਰ ’ਤੇ ਖ਼ਤਮ ਕਰਨ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਕਤਰ ਅਤੇ ਮਿਸਰ ਦੇ ਨੁਮਾਇੰਦੇ ਗੋਲੀਬੰਦੀ ਬਾਰੇ ਅੰਤਿਮ ਤਜਵੀਜ਼ ਪੇਸ਼ ਕਰਨਗੇ। ਟਰੰਪ ਨੇ ਕਿਹਾ ਕਿ ਉਹ ਨੇਤਨਯਾਹੂ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾ ਰਹੇ ਹਨ ਪਰ ਗੋਲੀਬੰਦੀ ਦਾ ਸਮਝੌਤਾ ਅਗਲੇ ਹਫ਼ਤੇ ਹੋ ਜਾਵੇਗਾ। -ਏਪੀ
ਹਮਾਸ ਗੋਲੀਬੰਦੀ ਲਈ ਤਿਆਰ
ਕਾਹਿਰਾ: ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਨਾਲ ਗੋਲੀਬੰਦੀ ਦੇ ਸਮਝੌਤੇ ਲਈ ਤਿਆਰ ਹੈ ਪਰ ਗਾਜ਼ਾ ’ਚ ਜੰਗ ਦਾ ਮੁਕੰਮਲ ਤੌਰ ’ਤੇ ਖ਼ਾਤਮਾ ਹੋਣਾ ਚਾਹੀਦਾ ਹੈ। ਹਮਾਸ ਦੇ ਅਧਿਕਾਰੀ ਤਾਹਿਰ ਅਲ-ਨੁਨੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਜਿਹੇ ਕਿਸੇ ਵੀ ਸਮਝੌਤੇ ਨੂੰ ਮੰਨਣ ਲਈ ਤਿਆਰ ਹੈ, ਜਿਸ ਨਾਲ ਜੰਗ ਦਾ ਮੁਕੰਮਲ ਤੌਰ ’ਤੇ ਖ਼ਾਤਮਾ ਹੁੰਦਾ ਹੋਵੇ। ਹਮਾਸ ਦੇ ਵਫ਼ਦ ਵੱਲੋਂ ਤਜਵੀਜ਼ ’ਤੇ ਵਿਚਾਰ ਵਟਾਂਦਰੇ ਲਈ ਮਿਸਰ ਅਤੇ ਕਤਰ ਦੇ ਵਾਰਤਾਕਾਰਾਂ ਨਾਲ ਮਿਲਣ ਦੀ ਸੰਭਾਵਨਾ ਹੈ। ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੰਗ ਖਤਮ ਹੋਣ ਬਾਅਦ ਹਮਾਸ ਦੀ ਕੋਈ ਭੂਮਿਕਾ ਨਹੀਂ ਹੋਵੇਗੀ। -ਏਪੀ