ਇਰਾਕ: ਕੁਰਦ ਖੇਤਰ ’ਚ ਤੇਲ ਦੇ ਖੂਹਾਂ ’ਤੇ ਡਰੋਨ ਹਮਲੇ
ਇਰਾਕ ਦੇ ਨੀਮ-ਖੁਦਮੁਖਤਿਆਰ ਉੱਤਰੀ ਕੁਰਦ ਖੇਤਰ ਵਿੱਚ ਸਥਿਤ ਤੇਲ ਦੇ ਖੂਹਾਂ ਨੂੰ ਡਰੋਨਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ, ਜੋ ਹਾਲ ਦੇ ਦਿਨਾਂ ਵਿੱਚ ਹੋਏ ਹਮਲਿਆਂ ਦੀ ਲੜੀ ’ਚ ਨਵਾਂ ਹਮਲਾ ਹੈ। ਇਨ੍ਹਾਂ ਹਮਲਿਆਂ ਦੌਰਾਨ ਤੇਲ ਦੇ ਕਈ ਖੂਹ ਬੰਦ ਹੋ ਗਏ ਹਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਕਿਸੇ ਵੀ ਜਥੇਬੰਦੀ ਨੇ ਨਹੀਂ ਲਈ ਹੈ। ਇਨ੍ਹਾਂ ਹਮਲਿਆਂ ਕਾਰਨ ਬਗਦਾਦ ਵਿੱਚ ਕੇਂਦਰ ਸਰਕਾਰ ਅਤੇ ਕੁਰਦ ਅਥਾਰਿਟੀਜ਼ ਵਿਚਾਲੇ ਤਣਾਅ ਹੋਰ ਵਧ ਗਿਆ ਹੈ।
ਕੁਰਦ ਖੇਤਰ ਦੇ ਅਤਿਵਾਦ ਵਿਰੋਧੀ ਵਿਭਾਗ ਨੇ ਦੱਸਿਆ ਕਿ ਦੋ ਡਰੋਨਾਂ ਨੇ ਜ਼ਾਖੋ ਜ਼ਿਲ੍ਹੇ ਵਿੱਚ ਇੱਕ ਤੇਲ ਦੇ ਖੂਹ ’ਤੇ ਹਮਲਾ ਕੀਤਾ, ਜਿਸ ਨਾਲ ਮਾਲੀ ਨੁਕਸਾਨ ਹੋਇਆ ਪਰ ਕੋਈ ਜ਼ਖ਼ਮੀ ਨਹੀਂ ਹੋਇਆ। ਨਾਰਵੇ ਦੀ ਤੇਲ ਅਤੇ ਗੈਸ ਕੰਪਨੀ ਡੀਐੱਨਓ ਏਐੱਸਏ, ਜੋ ਕਿ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ, ਨੇ ਕਿਹਾ ਕਿ ਉਸ ਦੀਆਂ ਗਤੀਵਿਧੀਆਂ ਅੱਜ ਸਵੇਰੇ ਤਿੰਨ ਧਮਾਕਿਆਂ ਤੋਂ ਬਾਅਦ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚ ਤਾਵਕੇ ਵਿਚਲਾ ਇੱਕ ਛੋਟਾ ਸਟੋਰੇਜ ਟੈਂਕ ਅਤੇ ਦੂਜਾ ਪੇਸ਼ਕਾਬੀਰ ਵਿੱਚ ਸਤਹਿ ਪ੍ਰੋਸੈਸਿੰਗ ਉਪਕਰਨ ਸ਼ਾਮਲ ਸੀ।’’ -ਏਪੀ